ਅਕਾਲੀ ਦਲ ਦੇ ਘਮਸਾਣ ’ਤੇ ਬੋਲੇ ਪਰਮਿੰਦਰ ਢੀਂਡਸਾ, ਸੁਖਬੀਰ ਬਾਦਲ ’ਤੇ ਬੋਲਿਆ ਵੱਡਾ ਹਮਲਾ

Wednesday, Aug 10, 2022 - 01:26 PM (IST)

ਅਕਾਲੀ ਦਲ ਦੇ ਘਮਸਾਣ ’ਤੇ ਬੋਲੇ ਪਰਮਿੰਦਰ ਢੀਂਡਸਾ, ਸੁਖਬੀਰ ਬਾਦਲ ’ਤੇ ਬੋਲਿਆ ਵੱਡਾ ਹਮਲਾ

ਚੰਡੀਗੜ੍ਹ/ ਮੋਹਾਲੀ(ਹਰੀਸ਼ਚੰਦਰ, ਪਰਦੀਪ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਮੁਕੰਮਲ ਤੌਰ ’ਤੇ ਲਾਗੂ ਕਰਵਾਉਣ ਲਈ ਆਵਾਜ਼ ਬੁਲੰਦ ਕਰਨ ਵਾਲੇ ਸੀਨੀਅਰ ਅਕਾਲੀ ਲੀਡਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਝੂੰਦਾ ਕਮੇਟੀ ਦੀ ਰਿਪੋਰਟ ਮੁਤਾਬਕ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹੋਈ ਨਮੋਸ਼ੀਜਨਕ ਹਾਰ ਲਈ ਸਿੱਧੇ ਤੌਰ ’ਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸੇ ਕਾਰਨ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰਨ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀਆਂ ਬਾਗੀ ਸੁਰਾਂ ਉਠ ਰਹੀਆਂ ਹਨ।

ਇਹ ਵੀ ਪੜ੍ਹੋ- ਏਡਿਡ ਤੇ ਪ੍ਰਾਈਵੇਟ ਕਾਲਜਾਂ ਦੀਆਂ ਬੇਨਿਯਮੀਆਂ ’ਤੇ ਮੀਤ ਹੇਅਰ ਸਖ਼ਤ, ਅਧਿਕਾਰੀਆਂ ਨੂੰ ਦਿੱਤੇ ਜਾਂਚ ਦੇ ਹੁਕਮ

ਇੱਥੇ ਜਾਰੀ ਇਕ ਬਿਆਨ ਵਿਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੁੱਝ ਸੀਨੀਅਰ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਕੇ ਹਿੰਮਤ ਭਰਿਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਵਿਰੁੱਧ ਉਨ੍ਹਾਂ ਦੀਆਂ ਸ਼੍ਰੋਮਣੀ ਅਕਾਲੀ ਦਲ ਵਿਚ ਤਾਨਾਸ਼ਾਹੀ ਨੀਤੀਆਂ, ਪੰਥਕ ਸਿਧਾਂਤਾਂ ਦੇ ਉਲਟ ਕੀਤੇ ਫੈਸਲਿਆਂ ਕਾਰਨ ਹੀ ਅੱਜ ਬਾਗੀ ਸੁਰ ਨਜ਼ਰ ਆ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਸੁਖਬੀਰ ਸਿੰਘ ਬਾਦਲ ਕੋਲ ਆਪਣੇ ਆਪ ਹੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।

ਇਹ ਵੀ ਪੜ੍ਹੋ- ਅਕਾਲੀ ਦਲ ’ਚ ਘਮਸਾਣ ਤੇਜ਼, ਵਿਰੋਧੀ ਧੜੇ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਚੁੱਕਿਆ ਵੱਡਾ ਕਦਮ

ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਨ ਲਈ ਬੁਲੰਦ ਦੀ ਕੀਤੀ ਗਈ ਆਵਾਜ ਵੱਡੀ ਪਹਿਲਕਦਮੀ ਹੈ ਪਰ ਇਸ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਦੀ ਹੈਂਕੜਬਾਜ਼ੀ ਬਰਕਰਾਰ ਹੈ। ਇਸ ਗੱਲ ਦਾ ਇਥੋਂ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰਨ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਨੇ ਸਾਰੇ ਅਖਤਿਆਰ ਅਸਿੱਧੇ ਤੌਰ ’ਤੇ ਆਪਣੇ ਕੋਲ ਰੱਖੇ ਹੋਏ ਹਨ। ਸੁਖਬੀਰ ਸਿੰਘ ਬਾਦਲ ਵਲੋਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਦਾ ਤਾਨਾਸ਼ਾਹੀ ਰਵੱਈਆ ਨਹੀਂ ਚਲੇਗਾ।ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਸੁਖਦੇਵ ਸਿੰਘ ਢੀਂਡਸਾ ਵਲੋਂ ਕਹੀਆਂ ਗਈਆਂ ਸਾਰੀਆਂ ਗੱਲਾਂ ਸਹੀ ਸਾਬਿਤ ਹੋ ਰਹੀਆਂ ਹਨ। ਜੇਕਰ ਸੁਖਦੇਵ ਸਿੰਘ ਢੀਂਡਸਾ ਦੇ ਕਹੇ ਮੁਤਾਬਕ ਫੈਸਲੇ ਪਹਿਲਾਂ ਲਏ ਹੁੰਦੇ ਤਾਂ ਅੱਜ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News