ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਿਸਾਨਾਂ ਦੇ ਹਰ ਐਕਸ਼ਨ ਨਾਲ ਡਟ ਕੇ ਖੜ੍ਹੇਗਾ : ਢੀਂਡਸਾ
Monday, Jul 26, 2021 - 05:17 PM (IST)
ਸੰਗਰੂਰ (ਬੇਦੀ, ਸਿੰਗਲਾ)- ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ, ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦਿਵਾਉਣ ਤੇ ਬਿਜਲੀ ਸੋਧ ਬਿੱਲ ਵਾਪਸ ਕਰਵਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਉੱਪਰ ਬੈਠ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅੱਜ ਅੱਠ ਮਹੀਨੇ ਪੂਰੇ ਹੋ ਗਏ। ਸਰਦੀ, ਗਰਮੀ ਤੇ ਮੀਂਹ ਹਨੇਰੀਆਂ ਝੱਖੜਾਂ ਤੇ ਪੁਲਸ ਦੀਆਂ ਰੋਕਾਂ ਦਾ ਸਾਹਮਣਾ ਕਰਦੇ ਹੋਏ ਕਿਸਾਨ ਸ਼ਾਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ ਪਰ ਦੇਸ਼ ਦੇ ਹਾਕਮ ਖੇਤੀ ਕਾਨੂੰਨਾਂ ਨੂੰ ਜਬਰੀ ਲਾਗੂ ਕਰਵਾਉਣ ਤੇ ਤੁਲੇ ਹੋਏ ਹਨ। ਸਰਕਾਰ ਦੇ ਇਸ ਜ਼ਬਰ ਦਾ ਮੁਕਾਬਲਾ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਇਸ ਮੌਕੇ ਕਿਸਾਨਾਂ ਦੇ ਹਰ ਐਕਸ਼ਨ ਨਾਲ ਡੱਟਕੇ ਖੜਾ ਹੈ ਤੇ ਅੱਗੇ ਖੜੇ ਰਹਿਣ ਦਾ ਅਹਿਦ ਕਰਦਾ ਹੈ।
ਇੱਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅਰੰਭ ਵਿਚ ਹੀ ਦੱਸ ਦਿੱਤਾ ਸੀ ਕਿ ਬਿੱਲ ਕਿਸਾਨ ਵਿਰੋਧੀ ਹਨ ਤੇ ਅਸੀਂ ਇਨ੍ਹਾਂ ਦੇ ਖਿਲਾਫ਼ ਹਾਂ। ਬਤੌਰ ਸੰਸਦ ਮੈਂਬਰ ਉਨ੍ਹਾਂ ਦੇਸ਼ ਅੰਦਰ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਸਖ਼ਤ ਪੱਤਰ ਲਿਖ ਕੇ ਖੇਤੀ ਬਿੱਲਾਂ (ਹੁਣ ਕਾਨੂੰਨ) ਦਾ ਵਿਰੋਧ ਕਰਦਿਆਂ ਇਨ੍ਹਾਂ ਦੇ ਮਾੜੇ ਅਸਰ ਬਾਰੇ ਖ਼ਬਰਦਾਰ ਕੀਤਾ ਸੀ। ਇਹ ਵੀ ਕਿਹਾ ਸੀ ਕਿ ਜਮਹੂਰੀ ਢੰਗ ਨਾਲ ਚੁਣੀਆਂ ਸਰਕਾਰਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਢੀਂਡਸਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਤੇ ਤੁਗਲਕੀ ਫ਼ੈਸਲੇ ਕਰਕੇ ਦੇਸ਼ ਨੂੰ ਗੰਭੀਰ ਸੰਕਟ ਵੱਲ ਧੱਕ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨੀ ਘੋਲ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਚੁੰਗਲ ਤੋਂ ਬਚਾਉਣ ਲਈ ਵੀ ਹੈ। ਸੰਘੀ ਢਾਂਚੇ ਦੀ ਦਲੀਲ ਨੂੰ ਦ੍ਰਿੜ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਦੀ ਇੱਕਜੁੱਟਤਾ ਦੇਸ਼ ਦੇ ਵਧੀਆ ਭਵਿੱਖ ਦੀ ਉਮੀਦ ਹੈ। ਇਸ ਇੱਕਜੁੱਟਤਾ ਸਦਕਾ ਹੀ ਕਿਸਾਨ ਅੰਦੋਲਨ ਦੇਸ਼ ਦਾ ਜਨਤਕ ਅੰਦੋਲਨ ਬਣ ਚੁੱਕਾ ਹੈ ਜਿਸ ਨੇ ਪੂਰੀ ਦੁਨੀਆਂ ਅੰਦਰ ਛਾਪ ਛੱਡੀ ਹੈ। ਢੀਂਡਸਾ ਨੇ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਪ੍ਰਤੀ ਇਖਲਾਕ ਤੋਂ ਨੀਵੇਂ ਪੱਧਰ ਦੀ ਭਾਸ਼ਾ ਵਰਤਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਆਗੂਆਂ ਸਦਕਾ ਹੀ ਮੋਦੀ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਬਦਨਾਮੀ ਖੱਟਣੀ ਪੈ ਰਹੀ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਮੁੱਚੇ ਲੋਕਾਂ ਦੀ ਰਾਏ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਖੇਤੀ ਕਾਨੂੰਨਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜ ਰਹੇ ਲੋਕਾਂ ਨਾਲ ਕਾਲੇ ਕਾਨੂੰਨ ਰੱਦ ਹੋਣ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ’ਤੇ ਡੱਟ ਕੇ ਨਾਲ ਖੜੇਗੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ, ਪ੍ਰਿਤਪਾਲ ਸਿੰਘ ਹਾਂਡਾ ਅਤੇ ਗੁਰਮੀਤ ਸਿੰਘ ਜੌਹਲ ਵੀ ਮੌਜੂਦ ਸਨ।