ਪਾਰਕਿੰਗ ਫੀਸ ਠੇਕੇਦਾਰ ਦੀ ਜੇਬ ''ਚ, ਵਾਹਨ ਦਾ ਰੱਬ ਰਾਖਾ

05/04/2018 7:42:35 AM

ਚੰਡੀਗੜ੍ਹ (ਲਲਨ) - ਯਾਤਰੀ ਧਿਆਨ ਦੇਣ, ਜੇਕਰ ਤੁਸੀਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਵਾਹਨ ਖੜ੍ਹੇ ਕਰਦੇ ਹੋ ਤੇ ਵਾਹਨ ਚੋਰੀ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪਾਰਕਿੰਗ ਠੇਕੇਦਾਰ ਨਹੀਂ ਹੋਵੇਗੀ ਕਿਉਂਕਿ ਠੇਕੇਦਾਰ ਵਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਵਾਹਨ ਸਲਿੱਪ 'ਤੇ ਪਹਿਲਾਂ ਤੋਂ ਹੀ ਸਪੱਸ਼ਟ ਰੂਪ ਤੋਂ ਲਿਖਿਆ ਗਿਆ ਹੈ ਕਿ ਪਾਰਕਿੰਗ ਵਿਚ ਖੜ੍ਹੇ ਵਾਹਨ ਚੋਰੀ ਹੋਣ 'ਤੇ ਠੇਕੇਦਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਅਜਿਹੇ 'ਚ ਸਵਾਲ ਉਠਦਾ ਹੈ ਕਿ ਲੋਕਾਂ ਵੱਲੋਂ 20 ਰੁਪਏ ਠੇਕੇਦਾਰ ਨੂੰ ਦੇਣ ਤੋਂ ਬਾਅਦ ਵੀ ਉਨ੍ਹਾਂ ਦੇ ਵਾਹਨ ਸੁਰੱਖਿਅਤ ਨਹੀਂ ਹਨ। ਇਸ ਹਾਲਤ 'ਚ ਯਾਤਰੀਆਂ ਨੂੰ ਪਾਰਕਿੰਗ ਵਿਚ ਵਾਹਨ ਪਾਰਕ ਕਰਨ ਦਾ ਕੋਈ ਫਾਇਦਾ ਨਹੀਂ ਹੈ।
ਉਥੇ ਹੀ ਰੇਲਵੇ ਵਲੋਂ ਵੀ ਠੇਕੇਦਾਰ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਜਿੱਥੇ ਰੇਲਵੇ ਵਲੋਂ ਪਾਰਕਿੰਗ ਰੇਟ ਵਧਾਏ ਗਏ ਹਨ, ਉਥੇ ਹੀ ਸਹੂਲਤ ਵੀ ਕੋਈ ਨਹੀਂ ਦਿੱਤੀ ਜਾ ਰਹੀ ਹੈ, ਜਦੋਂਕਿ ਇਸ ਦੇ ਮੁਕਾਬਲੇ ਚੰਡੀਗੜ੍ਹ ਨਗਰ ਨਿਗਮ ਵਲੋਂ ਪਾਰਕਿੰਗ ਦੇ ਰੂਪ 'ਚ 20 ਰੁਪਏ ਚਾਰਜ ਲਏ ਜਾ ਰਹੇ ਹਨ ਪਰ 20 ਰੁਪਏ ਵਿਚ ਲੋਕਾਂ ਦੇ ਮੋਟਰਸਾਈਕਲ ਤੇ ਕਾਰ ਦੀ ਪੂਰੀ ਜ਼ਿੰਮੇਵਾਰੀ ਪਾਰਕਿੰਗ ਠੇਕੇਦਾਰ ਦੀ ਹੁੰਦੀ ਹੈ ਪਰ ਇਸਦੇ ਉਲਟ ਰੇਲਵੇ ਵਲੋਂ ਪਾਰਕਿੰਗ ਰੇਟਾਂ ਵਿਚ ਤਾਂ ਵਾਧਾ ਕਰ ਦਿੱਤਾ ਗਿਆ ਹੈ ਪਰ ਵਾਹਨ ਦੀ ਸੁਰੱਖਿਆ ਸਬੰਧੀ ਕੁਝ ਵੀ ਨਹੀਂ।  
4 ਹਜ਼ਾਰ ਵਾਹਨਾਂ ਦੀ ਸੁਰੱਖਿਆ ਰੱਬ ਆਸਰੇ
ਰੇਲਵੇ ਸਟੇਸ਼ਨ 'ਤੇ ਪਾਰਕ ਹੋਣ ਵਾਲੇ ਵਾਹਨਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ 'ਤੇ ਰੋਜ਼ਾਨਾ 4 ਹਜ਼ਾਰ ਵਾਹਨ ਪਾਰਕ ਹੁੰਦੇ ਹਨ। ਅਜਿਹੇ 'ਚ ਰੇਲਵੇ ਦੀ ਪਾਰਕਿੰਗ ਵਿਚ ਪਾਰਕ ਹੋਣ ਵਾਲੇ ਵਾਹਨਾਂ ਦੀ ਸੁਰੱਖਿਆ ਰੱਬ ਆਸਰੇ ਹੀ ਹੈ। ਠੇਕੇਦਾਰ ਸਿਰਫ ਰੁਪਏ ਕਮਾਉਣ ਵੱਲ ਹੀ ਧਿਆਨ ਦੇ ਰਹੇ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਪਾਰਕਿੰਗ ਚਾਰੇ ਪਾਸੇ ਤੋਂ ਖੁੱਲ੍ਹੀ ਹੈ ਤੇ ਠੇਕੇਦਾਰ ਨੇ ਸਿਰਫ ਇਕ ਮੁਲਾਜ਼ਮ ਹੀ ਰੱਖਿਆ ਹੋਇਆ ਹੈ ਤੇ ਉਹ ਸਿਰਫ ਪਰਚੀ ਕੱਟਣ ਵਿਚ ਲੱਗਾ ਰਹਿੰਦਾ ਹੈ। ਕੌਣ ਕਿਹੜੇ ਪਾਸੇ ਜਾ ਰਿਹਾ ਹੈ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੰਦਾ ਹੈ।
ਹਰ ਸਾਲ ਵਧਾਈ ਜਾ ਰਹੀ ਹੈ ਪਾਰਕਿੰਗ ਫੀਸ
ਰੇਲਵੇ ਵਲੋਂ ਮੁਸਾਫਰਾਂ ਦੀ ਜੇਬ 'ਤੇ ਪਾਰਕਿੰਗ ਦਾ ਹਰ ਸਾਲ ਬੋਝ ਪਾਇਆ ਜਾਂਦਾ ਹੈ। ਜਾਣਕਾਰੀ ਅਨੁਸਾਰ ਰੇਲਵੇ ਵਲੋਂ ਪਾਰਕਿੰਗ ਦੇ ਰੇਟਾਂ ਵਿਚ ਵੀ ਇਸ ਸਾਲ 5 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਲੋਕਾਂ ਨੂੰ ਪਾਰਕਿੰਗ ਬਦਲੇ 20 ਰੁਪਏ ਦੇਣੇ ਪੈ ਰਹੇ ਹਨ। ਜਾਣਕਾਰੀ ਅਨੁਸਾਰ 2017 ਵਿਚ ਮੋਟਰਸਾਈਕਲ ਪਾਰਕਿੰਗ ਦਾ ਰੇਟ ਸਿਰਫ 5 ਰੁਪਏ ਹੁੰਦਾ ਸੀ, ਜਦੋਂਕਿ ਕਾਰ ਪਾਰਕਿੰਗ ਦਾ 15 ਰੁਪਏ ਤੈਅ ਕੀਤਾ ਗਿਆ ਸੀ ਪਰ ਇਸ ਵਾਰ ਰੇਲਵੇ ਵਲੋਂ ਸਾਈਕਲ ਤੇ ਮੋਟਰਸਾਈਕਲ ਦਾ ਰੇਟ 10 ਰੁਪਏ ਹੋ ਗਿਆ ਹੈ। ਅਜਿਹੇ 'ਚ ਸਵਾਲ ਉਠਦਾ ਹੈ ਕਿ ਮੁਸਾਫਰਾਂ ਵਲੋਂ ਪੈਸੇ ਦੇਣ ਤੋਂ ਬਾਅਦ ਵੀ ਪਾਰਕਿੰਗ ਵਿਚ ਵਾਹਨ ਸੁਰੱਖਿਅਤ ਨਹੀਂ ਹਨ।  
ਸੀ. ਸੀ. ਟੀ. ਵੀ. ਕੈਮਰਿਆਂ ਦਾ ਨਹੀਂ ਪ੍ਰਬੰਧ
ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਲਰਡ ਕਲਾਸ ਰੇਲਵੇ ਸਟੇਸ਼ਨ ਦੀ ਸੂਚੀ ਵਿਚ ਰੱਖਿਆ ਗਿਆ ਹੈ ਪਰ ਇਸ ਦੀ ਪਾਰਕਿੰਗ ਦੀ ਹਾਲਤ ਕਾਫੀ ਖਸਤਾ ਹੈ। ਪਾਰਕਿੰਗ ਵਿਚ ਵਿਭਾਗ ਵਲੋਂ ਨਾ ਤਾਂ ਕੋਈ ਸੀ. ਸੀ. ਟੀ. ਵੀ. ਕੈਮਰੇ ਹੀ ਲਾਏ ਗਏ ਹਨ ਤੇ ਨਾ ਹੀ ਸਫਾਈ ਪ੍ਰਬੰਧਾਂ 'ਤੇ ਹੀ ਧਿਆਨ ਦਿੱਤਾ ਜਾਂਦਾ ਹੈ। ਇਸ ਸਬੰਧੀ ਰੇਲਵੇ ਦੇ ਅਧਿਕਾਰੀਆਂ ਨੂੰ ਸਫਾਈ ਸਬੰਧੀ ਕਈ ਵਾਰ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਪਰ ਰੇਲਵੇ ਅਧਿਕਾਰੀਆਂ ਨੇ ਕੋਈ ਉਚਿਤ ਕਦਮ ਨਹੀਂ ਚੁੱਕਿਆ। ਇਸਦੇ ਨਾਲ ਹੀ ਪਾਰਕਿੰਗ ਵਿਚ ਕਈ ਪੁਰਾਣੇ ਆਟੋ ਵੀ ਪਾਰਕ ਕੀਤੇ ਹੋਏ ਹਨ। ਇਨ੍ਹਾਂ ਆਟੋਆਂ ਨੂੰ ਨਾ ਤਾਂ ਪੁਲਸ ਇਥੋਂ ਹਟਾ ਕੇ ਰਾਜ਼ੀ ਹੈ ਤੇ ਨਾ ਹੀ ਪਾਰਕਿੰਗ ਠੇਕੇਦਾਰ ਵਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 10 ਆਟੋ ਬੇਕਾਰ 'ਚ ਹੀ ਪਾਰਕਿੰਗ ਵਿਚ ਪਾਰਕ ਹਨ, ਜਿਨ੍ਹਾਂ ਨੇ ਕਾਫੀ ਜਗ੍ਹਾ ਘੇਰੀ ਹੋਈ ਹੈ।  
ਪਾਰਕਿੰਗ 'ਚ ਆਟੋ ਚਾਲਕ ਖੇਡਦੇ ਰਹਿੰਦੇ ਹਨ ਜੂਆ
ਰੇਲਵੇ ਸਟੇਸ਼ਨ ਦੀ ਪਾਰਕਿੰਗ ਦਾ ਆਟੋ ਡਰਾਈਵਰਾਂ ਨੇ ਕਾਫੀ ਬੁਰਾ ਹਾਲ ਕੀਤਾ ਹੋਇਆ ਹੈ, ਜਿਥੇ ਦੁਪਹਿਰ ਸਮੇਂ ਪਾਰਕਿੰਗ ਵਿਚ ਆਟੋ ਚਾਲਕ ਬੈਠ ਕੇ ਜੂਆ ਖੇਡਣਾ ਸ਼ੁਰੂ ਕਰ ਦਿੰਦੇ ਹਨ, ਉਥੇ ਹੀ ਰਾਤ ਨੂੰ ਸ਼ਰਾਬ ਦੇ ਨਸ਼ੇ ਵਿਚ ਪਾਰਕਿੰਗ ਏਰੀਏ ਵਿਚ ਘੁੰਮਦੇ ਰਹਿੰਦੇ ਹਨ। ਹਾਲ ਹੀ ਵਿਚ ਜੀ. ਆਰ. ਪੀ. ਵਲੋਂ ਜੂਆ ਖੇਡਦੇ ਫੜੇ 3 ਆਟੋ ਨੂੰ ਚਾਲਕਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਜਿਹੇ ਵਿਚ ਆਟੋ ਚਾਲਕ ਸ਼ਰਾਬ ਪੀ ਕੇ ਬੋਤਲਾਂ ਪਾਰਕਿੰਗ ਵਿਚ ਹੀ ਤੋੜ ਦਿੰਦੇ ਹਨ। ਸਵਾਲ ਉਠਦਾ ਹੈ ਕਿ ਪਾਰਕਿੰਗ ਦੀ ਜ਼ਿੰਮੇਵਾਰੀ ਕਿਸ ਦੀ ਹੈ।  


Related News