ਪ੍ਰਕਾਸ਼ ਸਿੰਘ ਬਾਦਲ ਨੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਯਾਦਾਂ, ਘੋੜੀ 'ਤੇ ਜਾਂਦੇ ਸਨ ਸਕੂਲ

04/09/2018 7:46:38 PM

ਚੰਡੀਗੜ੍ਹ : ਅਕਾਲੀ ਦਲ ਦੇ ਸਰਪ੍ਰਸਤ ਅਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਯਾਦਾਂ ਤਾਜ਼ਾ ਕੀਤੀਆਂ ਹਨ। ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਅਬੁਲ ਖਰਾਣਾ ਪਿੰਡ ਵਿਚ ਹੋਇਆ ਅਤੇ ਉਥੇ ਕੁਝ ਸਮਾਂ ਪੜ੍ਹਾਈ ਕਰਨ ਤੋਂ ਬਾਅਦ ਉਹ ਨੇੜਲੇ ਪਿੰਡ ਲੰਬੀ ਵਿਚ ਪੜ੍ਹਨ ਲਈ ਚਲੇ ਗਏ। ਉਸ ਸਮੇਂ ਨਾ ਤਾਂ ਪੱਕੀਆਂ ਸੜਕਾਂ ਸਨ ਅਤੇ ਨਾ ਹੀ ਬੱਸਾਂ ਤੇ ਸਕੂਟਰ-ਮੋਟਰਸਾਈਕਲ ਸਨ, ਜਿਸ ਕਾਰਨ ਉਹ ਘੋੜੀ 'ਤੇ ਚੜ੍ਹ ਕੇ ਸਕੂਲ ਜਾਂਦੇ ਸਨ।
ਬਾਦਲ ਨੇ ਦੱਸਿਆ ਕਿ ਉਹ ਆਪਣੇ ਪਿਤਾ ਜੀ ਦੇ ਨਜ਼ਦੀਕੀ ਦੋਸਤ ਦੇ ਘਰ ਘੋੜੀ ਬੰਨ੍ਹਦੇ ਸਨ। ਜਿਸ ਘਰ ਵਿਚ ਉਹ ਘੋੜੀ ਬੰਨ੍ਹਦੇ ਸਨ, ਉਸ ਘਰ ਦੇ ਬੱਚੇ ਉਨ੍ਹਾਂ ਦੇ ਡੱਬੇ ਵਿਚੋਂ ਕੁੱਟੀ ਚੂਰੀ ਕੱਢ ਕੇ ਖਾ ਜਾਂਦੇ ਸਨ ਅਤੇ ਸੁੱਕੀਆਂ ਰੋਟੀਆਂ ਤੇ ਆਚਾਰ ਡੱਬੇ ਵਿਚ ਪਾ ਦਿੰਦੇ ਸਨ, ਜਿਸ ਕਾਰਨ ਉਹ ਘਰ ਵਿਚ ਲੜਾਈ ਕਰਦੇ ਸਨ।
ਸ. ਬਾਦਲ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਨੇ ਪੜ੍ਹਾਈ ਕੀਤੀ, ਉਸ ਸਮੇਂ ਸ੍ਰੀ ਮੁਕਤਸਰ ਸਾਹਿਬ ਵਿਚ ਕੋਈ ਵੀ 12ਵੀਂ ਤਕ ਦਾ ਸਕੂਲ ਨਹੀਂ ਸੀ, ਸਿਰਫ ਮੋਗਾ ਜਾਂ ਫਿਰੋਜ਼ਪੁਰ ਵਿਚ ਹੀ 12ਵੀਂ ਤਕ ਦੇ ਸਕੂਲ ਸਨ, ਜਿਸ ਕਾਰਨ ਉਨ੍ਹਾਂ ਫਿਰੋਜ਼ਪੁਰ ਵਿਚ ਕਈ ਸਾਲ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਅਗਲੇਰੀ ਪੜ੍ਹਾਈ ਕਰਨ ਲਈ ਲਾਹੌਰ ਦੇ ਸਿੱਖ ਨੈਸ਼ਨਲ ਕਾਲਜ ਵਿਚ ਦਾਖਲਾ ਲੈ ਲਿਆ ਅਤੇ ਫਿਰ ਐੱਫ. ਸੀ. ਕਾਲਜ, ਜੋ ਕਿ ਅਮਰੀਕੀਆਂ ਦਾ ਕਾਲਜ ਹੈ, ਜਿੱਥੇ 80 ਫੀਸਦੀ ਅਮਰੀਕੀ ਅਧਿਆਪਕ ਸਨ, ਵਿਚ ਗ੍ਰੈਜੂਏਸ਼ਨ ਕੀਤੀ।


Related News