ਸ. ਪ੍ਰਕਾਸ਼ ਸਿੰਘ ਬਾਦਲ ਦੇ ਫੁੱਲ ਚੁਗਣ ਮੌਕੇ ਭਾਵੁਕ ਹੋਇਆ ਪਰਿਵਾਰ, ਦੇਖੋ ਗਮਗੀਨ ਮਾਹੌਲ ਦੀਆਂ ਤਸਵੀਰਾਂ
Friday, Apr 28, 2023 - 12:27 PM (IST)
ਲੰਬੀ (ਕੁਲਦੀਪ ਰਿਣੀ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਦਿਨ ਅੰਤਿਮ ਸੰਸਕਾਰ ਕੀਤਾ ਗਿਆ ਸੀ। ਅੱਜ ਉਨ੍ਹਾਂ ਦੇ ਫੁੱਲ ਚੁਗਣ ਦੀ ਰਸਮ ਅਦਾ ਕੀਤੀ ਗਈ। ਇਹ ਰਸਮ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਨਿਭਾਈ ਗਈ ਅਤੇ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : CM ਬਣਨ ਮਗਰੋਂ ਪਹਿਲੀ ਵਾਰ ਭਗਵੰਤ ਮਾਨ ਨੇ ਲੁਧਿਆਣਾ 'ਚ ਰੱਖੀ ਪੰਜਾਬ ਕੈਬਨਿਟ ਦੀ ਮੀਟਿੰਗ
ਭਰੀਆਂ ਅੱਖਾਂ ਨਾਲ ਬਾਦਲ ਪਰਿਵਾਰ ਨੇ ਸ. ਪ੍ਰਕਾਸ਼ ਸਿੰਘ ਜੀ ਬਾਦਲ ਦਾ ਅੰਗੀਠਾ ਸੰਭਾਲਿਆ। ਇਸ ਭਾਵੁਕ ਮੌਕੇ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਮੁਖੀ ਦਮਦਮੀ ਟਕਸਾਲ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਤੇ ਸੰਤ ਰਣਜੀਤ ਸਿੰਘ ਜੀ ਸੇਵਾ ਪੰਥੀ, ਕਈ ਰਿਸ਼ਤੇਦਾਰ, ਪਾਰਟੀ ਦੇ ਆਗੂ ਅਤੇ ਵਰਕਰ ਸਾਹਿਬਾਨ ਵੀ ਅੰਗੀਠਾ ਸੰਭਾਲ ਰਸਮਾਂ 'ਚ ਸ਼ਾਮਲ ਹੋਏ।
ਇਸ ਮੌਕੇ ਪਰਿਵਾਰ 'ਚ ਮਾਹੌਲ ਕਾਫ਼ੀ ਗਮਗੀਨ ਬਣਿਆ ਹੋਇਆ ਹੈ। ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਸ. ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਬੀਤੇ ਦਿਨ ਉਨ੍ਹਾਂ ਦੇ ਹੀ ਜੱਦੀ ਪਿੰਡ ਵਿਖੇ ਕੀਤਾ ਗਿਆ ਸੀ ਅਤੇ ਅੰਤਿਮ ਵਿਦਾਈ ਵੇਲੇ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਸਨ।
ਪ੍ਰਕਾਸ਼ ਸਿੰਘ ਬਾਦਲ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਬੀਤੇ ਮੰਗਲਵਾਰ ਰਾਤ ਨੂੰ ਆਖ਼ਰੀ ਸਾਹ ਲਏ ਸਨ। ਉਨ੍ਹਾਂ ਨੂੰ ਸਾਹ ਦੀ ਤਕਲੀਫ਼ ਦੇ ਚੱਲਦਿਆਂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਮਗਰੋਂ ਪਰਿਵਾਰ 'ਚ ਸੋਗ ਦੀ ਲਹਿਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ