ਜਨਮਦਿਨ ਮੌਕੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ ਜਾਣੋ ਸਿਆਸੀ ਸਫਰ (ਵੀਡੀਓ)

Sunday, Dec 08, 2019 - 04:31 PM (IST)

ਜਲੰਧਰ/ਸ੍ਰੀ ਮੁਕਤਸਰ ਸਾਹਿਬ—ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦਾ 93ਵਾਂ ਜਨਮ ਦਿਨ ਹੈ। ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੇਤਾਵਾਂ 'ਚ ਸ਼ਾਮਲ ਹਨ, ਜੋ 90 ਸਾਲ ਦੀ ਉਮਰ ਤੋਂ ਪਾਰ ਹੋਣ ਦੇ ਬਾਵਜੂਦ ਵੀ ਰਾਜਨੀਤੀ 'ਚ ਪੂਰੀ ਤਰ੍ਹਾਂ ਸਰਗਰਮ ਹਨ।ਇਸ ਵੱਡੀ ਉਮਰ ਦੇ ਬਾਵਜੂਦ ਉਹ ਜੋਸ਼ ਅਤੇ ਜਨੂੰਨ ਨਾਲ ਪਾਰਟੀ ਦੀਆਂ ਮੀਟਿੰਗਾਂ 'ਚ ਤਾਜ਼ਾ ਹਾਲਾਤ 'ਤੇ ਚਰਚਾ ਕਰਦੇ ਦਿਖਾਈ ਦਿੰਦੇ ਹਨ। ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਿਸੰਬਰ 1927 ਨੂੰ ਹੋਇਆ। ਸਿਆਸਤ ਦੀ ਸ਼ੁਰੂਆਤ ਉਨ੍ਹਾਂ ਨੇ ਸਰਪੰਚੀ ਤੋਂ ਕੀਤੀ ਸੀ।

PunjabKesari

1957 'ਚ ਪਹਿਲੀ ਵਾਰ ਬਣੇ ਵਿਧਾਇਕ
ਪ੍ਰਕਾਸ਼ ਸਿੰਘ ਬਾਦਲ 1957 'ਚ ਪਹਿਲੀ ਵਾਰ ਗਿੱਦੜਬਾਹਾ ਤੋਂ ਵਿਧਾਇਕ ਬਣੇ ਸਨ। ਉਸ ਸਮੇਂ ਉਹ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ ਸਨ। 1970 'ਚ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸਨ। ਉਸ ਤੋਂ ਬਾਅਦ ਉਹ 1977 'ਚ, ਫਿਰ 1997 'ਚ, ਫਿਰ 2007 'ਚ 2012 'ਚ ਸੂਬੇ ਦੇ ਮੁੱਖ ਮੰਤਰੀ ਵਜੋਂ ਸੇਵਾਵਾਂ ਦਿੰਦੇ ਰਹੇ। ਉਹ ਇਕ ਵਾਰ 1977 'ਚ ਫਰੀਦਕੋਟ ਤੋਂ ਸੰਸਦ ਮੈਂਬਰ ਵੀ ਚੁਣੇ ਗਏ। ਉਨ੍ਹਾਂ ਜ਼ਿਆਦਾਤਰ ਚੋਣ ਲੰਬੀ ਹਲਕੇ ਤੋਂ ਹੀ ਲੜੀ। ਉਂਝ ਤਾਂ ਉਨ੍ਹਾਂ ਨੇ ਗਿੱਦੜਬਾਹਾ, ਕਿਲ੍ਹਾ ਰਾਏਪੁਰ ਤੋਂ ਵੀ ਚੋਣ ਲੜੀ ਹੈ।

ਬਾਦਲ ਮੁੱਖ ਮੰਤਰੀ ਅਹੁਦੇ ਤੋਂ ਇਲਾਵਾ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ-ਪਾਲਣ, ਡੇਅਰੀ ਮੰਤਰੀ ਦੇ ਰੂਪ 'ਚ ਕੰਮ ਕਰ ਚੁੱਕੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੀ ਸਰਕਾਰ 'ਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੂੰ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਦਾ ਅਹੁਦਾ ਵੀ ਸੌਂਪਿਆ ਗਿਆ ਸੀ। ਬਾਦਲ ਨੇ ਐਮਰਜੈਂਸੀ ਦੌਰਾਨ ਅਕਾਲੀ ਅੰਦੋਲਨ ਦੀ ਅਗਵਾਈ ਕੀਤੀ ਸੀ। ਭਾਰਤੀ ਸਿਆਸਤ 'ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪੰਥ ਰਤਨ ਐਵਾਰਡ ਦਿੱਤਾ ਜਾ ਚੁੱਕਾ ਹੈ।

PunjabKesari

ਜਨਮ ਦਿਨ 'ਤੇ ਪਿੰਡ ਬਾਦਲ 'ਚ ਜਸ਼ਨ ਦਾ ਮਾਹੌਲ
ਬਾਦਲ ਦੇ ਜਨਮਦਿਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਪਿੰਡ ਬਾਦਲ 'ਚ ਜਸ਼ਨ ਦਾ ਮਾਹੌਲ ਹੈ। ਪਿੰਡ 'ਚ ਘਰ ਦੇ ਨਾਲ ਹੀ ਟੈਂਟ ਲਗਾਇਆ ਗਿਆ ਹੈ। ਲੋਕਾਂ ਲਈ ਲੰਗਰ ਦੀ ਵੀ ਵਿਵਸਥਾ ਹੈ। ਉਨ੍ਹਾਂ ਦੀ ਲੰਮੀ ਉਮਰ ਲਈ ਅਰਦਾਸ ਕੀਤੀ ਜਾ ਰਹੀ ਹੈ। ਬਾਦਲ ਦੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਿੰਡ 'ਚ ਮੌਜੂਦ ਹਨ। ਪੁੱਤਰ ਸੁਖਬੀਰ ਵੀ ਇਸ ਮੌਕੇ ਪਹੁੰਚਣਗੇ। ਪਿੰਡ ਵਾਸੀਆਂ ਲਈ ਸਵੇਰ ਤੋਂ ਹੀ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਬਾਹਰੋਂ ਆਉਣ ਵਾਲੇ ਲੋਕ ਅਤੇ ਹੋਰ ਆਗੂ ਉਨ੍ਹਾਂ ਦੀ ਕੋਠੀ ਦੇ ਅੰਦਰ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ, ਜਿੱਥੇ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇਗਾ।


author

shivani attri

Content Editor

Related News