ਪ੍ਰਕਾਸ਼ ਸਿੰਘ ਬਾਦਲ ਸਿਆਸਤ ਤੋਂ ਸੰਨਿਆਸ ਲੈਣ ਦੀ ਤਿਆਰੀ ''ਚ!

Monday, Dec 10, 2018 - 02:03 PM (IST)

ਪ੍ਰਕਾਸ਼ ਸਿੰਘ ਬਾਦਲ ਸਿਆਸਤ ਤੋਂ ਸੰਨਿਆਸ ਲੈਣ ਦੀ ਤਿਆਰੀ ''ਚ!

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜ ਵਾਰ ਮੁੱਖ ਮੰਤਰੀ ਰਹੇ ਬਾਦਲ ਅੱਜ-ਕੱਲ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੀ 10 ਸਾਲਾ ਸਰਕਾਰ 'ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਜੋੜੇ, ਬਰਤਨ ਸਾਫ ਕਰ ਰਹੇ ਹਨ ਤੇ ਅਰਦਾਸ ਕਰ ਕੇ ਭੁੱਲਾਂ ਬਖਸ਼ਾ ਰਹੇ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ 10 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸਭ ਤੋਂ ਬਜ਼ੁਰਗ ਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਬਾਦਲ ਰਾਜਨੀਤੀ ਤੋਂ ਸੰਨਿਆਸ ਤੇ ਸੇਵਾਮੁਕਤ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਵਡੇਰੀ ਉਮਰ ਤੋਂ ਇਲਾਵਾ ਆਏ ਦਿਨ ਉਨ੍ਹਾਂ ਦਾ ਨਾਂ ਕਿਸੇ ਨਾ ਕਿਸੇ ਮੁੱਦੇ 'ਚ ਜੁੜ ਰਿਹਾ ਹੈ। ਇਸ ਕਰ ਕੇ ਉਹ ਹੁਣ ਆਪਣੀ ਪਿਛਲੀ ਉਮਰੇ ਜਿੱਥੇ ਭੁੱਲਾਂ ਬਖਸ਼ਾਉਣ ਤੇ ਭਵਿੱਖ 'ਚ ਰਾਜਨੀਤੀ ਤੋਂ ਛੁੱਟੀ ਲੈ ਸਕਦੇ ਹਨ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ 8 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਡਿਓਢੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਿੰਨ ਦਿਨ ਸੇਵਾ ਕਰਨਗੇ ਤੇ 10 ਦਸੰਬਰ ਨੂੰ ਪ੍ਰੈੱਸ ਕਾਨਫਰੰਸ ਕਰਨਗੇ ਤੇ ਸਾਰੀ ਸਥਿਤੀ ਦੱਸਣਗੇ ਤੇ ਵੱਡਾ ਐਲਾਨ ਕਰਨਗੇ, ਜਿਸ ਨੂੰ ਰਾਜਸੀ ਹਲਕੇ ਸ. ਬਾਦਲ ਦੀ ਸੇਵਾ ਮੁਕਤੀ ਮੰਨ ਰਹੇ ਹਨ। 
'ਭਾਵੇਂ ਬੂਟ ਪਾਲਸ਼ਾਂ ਕਰੀਏ', ਮੁਆਫੀ ਬਣੀ ਮਜ਼ਾਕ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਗੱਲ ਕੀ ਲਗਭਗ ਸਾਰਾ ਅਕਾਲੀ ਦਲ ਅੱਜ-ਕੱਲ ਸ੍ਰੀ ਦਰਬਾਰ ਸਾਹਿਬ ਜਾ ਕੇ ਦਸ ਸਾਲਾਂ 'ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਭਾਂਡੇ ਤੇ ਜੋੜੇ ਸਾਫ ਕਰ ਰਿਹਾ ਹੈ, ਉਨ੍ਹਾਂ ਦੀ ਇਹ ਸੇਵਾ ਤੇ ਮੁਆਫੀ ਵੀ ਸੋਸ਼ਲ ਮੀਡੀਆ 'ਤੇ ਮਜ਼ਾਕ ਬਣ ਗਈ ਹੈ। ਸੋਸ਼ਲ ਮੀਡੀਆ 'ਤੇ ਮੁਆਫੀ ਲਈ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਤੇ ਇਕ ਵੀਡੀਓ ਜੋ ਗੁਰਦਾਸ ਮਾਨ ਦਾ ਗਾਣਾ ਹੈ 'ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ' ਵੀ ਤੇਜ਼ੀ ਨਾਲ ਵਾਇਰਲ ਹੋ ਗਿਆ।  


author

Babita

Content Editor

Related News