''ਸਿੱਟ'' ਮੇਰੇ ਸਵਾਲਾਂ ਤੋਂ ਸੰਤੁਸ਼ਟ, ਪਰ ਹੋਵੇਗਾ ਉਹੀ ਜੋ ਕੈਪਟਨ ਚਾਹੇਗਾ : ਬਾਦਲ (ਵੀਡੀਓ)

11/16/2018 5:26:55 PM

ਚੰਡੀਗੜ੍ਹ : ਪੰਜਾਬ 'ਚ ਬੇਅਦਬੀ ਅਤੇ ਬਰਗਾੜੀ ਕਾਂਡ 'ਤੇ ਬਣੀ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਵਲੋਂ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਸਿੱਟ' ਤਾਂ ਉਨ੍ਹਾਂ ਦੇ ਸਵਾਲਾਂ ਤੋਂ ਸੰਤੁਸ਼ਟ ਹੈ ਪਰ ਫੈਸਲਾ ਤਾਂ ਉਹੀ ਹੋਵਗਾ, ਜੋ ਕੈਪਟਨ ਅਮਰਿੰਦਰ ਸਿੰਘ ਲਵੇਗਾ। ਉਨ੍ਹਾਂ ਕਿਹਾ ਕਿ ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਾਬਕਾ ਮੁੱਖ ਮੰਤਰੀ ਨੂੰ 307 ਦੇ ਮੁਕੱਦਮੇ 'ਚ ਗਵਾਹ ਦੇ ਤੌਰ 'ਤੇ ਬੁਲਾਇਆ ਗਿਆ ਹੋਵੇ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਉਨ੍ਹਾਂ ਨੂੰ ਗਵਾਹ ਤੋਂ ਮੁਲਜ਼ਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ 'ਸਿੱਟ' ਤਾਂ ਸਿਰਫ ਆਪਣੀ ਡਿਊਟੀ ਨਿਭਾਅ ਰਹੀ ਹੈ। 
ਗੁਰੂ ਗ੍ਰੰਥ ਸਾਹਿਬ ਜੀ ਖਿਲਾਫ ਨਹੀਂ ਜਾ ਸਕਦੇ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਤਿੰਨ ਘਰ ਹਨ ਅਤੇ ਤਿੰਨਾਂ 'ਚ ਹੀ ਪੰਜੇ ਬਾਣੀਆਂ ਦਾ ਪਾਠ ਹੁੰਦਾ ਹੈ, ਫਿਰ ਉਹ ਗੁਰੂ ਗ੍ਰੰਥ ਸਾਹਿਬ ਖਿਲਾਫ ਕਿਵੇਂ ਜਾ ਸਕਦੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੇਅਦਬੀ ਮਾਮਲਿਆਂ ਸਬੰਧੀ ਵਿਸ਼ੇਸ਼ ਜਾਂਚ ਕਮੇਟੀ ਬਣਾਈ ਸੀ ਅਤੇ ਇਹ ਕਾਨੂੰਨ ਪਾਸ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ 10 ਸਾਲ ਦੀ ਕੈਦ ਹੋਵੇ, ਫਿਰ ਉਹ ਗੁਰੂ ਗ੍ਰੰਥ ਸਾਹਿਬ ਖਿਲਾਫ ਕਿਵੇਂ ਬੋਲ ਸਕਦੇ ਹਨ। 
'ਸਿੱਟ' ਨੇ ਗਲਤ ਲਿਖਿਆ ਐੱਡਰੈੱਸ
ਸਾਬਕਾ ਮੁੱਖ ਮੰਤਰੀ ਨੇ ਵਿਸ਼ੇਸ਼ ਜਾਂਚ ਟੀਮ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਨੂੰ ਤਾਂ ਜਿਵੇਂ ਕਿਹਾ ਜਾਵੇਗਾ, ਇਹ ਉਂਝ ਹੀ ਕਰ ਲੈਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਨ੍ਹਾਂ ਨੂੰ ਇਹ ਹੀ ਨੀ ਪਤਾ ਕਿ ਪੁੱਛਗਿੱਛ ਲਈ ਉਨ੍ਹਾਂ ਨੂੰ ਅੰਮ੍ਰਿਤਸਰ ਸੱਦ ਲਿਆ ਗਿਆ, ਇੰਨਾ ਹੀ ਨਹੀਂ, ਟੀਮ ਵਲੋਂ ਪਤਾ ਵੀ ਗਲਤ ਲਿਖਿਆ ਗਿਆ। ਟੀਮ ਨੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਪਤਾ ਲਿਖ ਦਿੱਤਾ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਆਪਣੀ ਡਿਊਟੀ ਪੂਰੀ ਕਰ ਰਹੇ ਹਨ ਪਰ ਹੋਣਾ ਤਾਂ ਉਹੀ ਹੈ, ਜੋ ਕੈਪਟਨ ਅਮਰਿੰਦਰ ਸਿੰਘ ਕਹੇਗਾ। 


Babita

Content Editor

Related News