ਕੀਹਦੇ ਹੁਕਮ ਨਾਲ ਹੋਈ ਸੀ ਬਰਗਾੜੀ ਫਾਈਰਿੰਗ, ਵਰਗੇ 120 ਸਵਾਲ ਪੁੱਛੇਗੀ ''ਸਿੱਟ''
Tuesday, Nov 13, 2018 - 02:08 PM (IST)
ਚੰਡੀਗੜ੍ਹ : ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਨਵੰਬਰ ਨੂੰ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 19 ਨੂੰ ਅਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ 21 ਨਵੰਬਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਅੱਗੇ ਪੇਸ਼ ਹੋਣਗੇ। ਸੋਮਵਾਰ ਨੂੰ ਹੋਈ ਕੋਰ ਕਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਹੈ। ਅਜਿਹਾ 14 ਸਾਲਾਂ ਬਾਅਦ ਹੋਣ ਜਾ ਰਿਹਾ ਹੈ ਕਿ ਬਾਦਲ ਪਿਓ-ਪੁੱਤ ਕਿਸੇ ਜਾਂਚ ਲਈ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦੇ 2004 'ਚ ਦੋਹਾਂ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਮਾਮਲੇ 'ਚ ਪੇਸ਼ ਹੋਣਾ ਪਿਆ ਸੀ।
ਸੂਤਰਾਂ ਮੁਤਾਬਕ ਜਾਂਚ ਟੀਮ ਨੇ ਦੋਹਾਂ ਆਗੂਆਂ ਨੂੰ ਪੁੱਛਗਿੱਛ ਲਈ 120 ਸਵਾਲ ਤਿਆਰ ਕੀਤੇ ਹਨ। ਪੂਰੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ। ਇਸ ਬਾਰੇ ਅਕਾਲੀ ਕੋਰ ਕਮੇਟੀ ਦੇ ਮੈਂਬਰ ਪਰਿਮੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਇਕ ਤਰਫਾ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵੱਡੇ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪੇਸ਼ ਹੋ ਕੇ ਜਾਂਚ 'ਚ ਸਹਿਯੋਗ ਕਰਨਗੇ।