ਅਕਾਲੀ ਸਿਆਸਤ ਦੇ ''ਬਾਬਾ ਬੋਹੜ'' ਬੀਮਾਰ, ਡਾਕਟਰ ਕਰ ਰਹੇ ਨਿਗਰਾਨੀ

08/25/2018 7:49:53 AM

ਚੰਡੀਗੜ੍ਹ : ਅਕਾਲੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਇੰਨ੍ਹੀਂ ਦਿਨੀਂ ਖਰਾਬ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਵਿਧਾਨ ਸਭਾ ਦੇ ਸੈਸ਼ਨ 'ਚ ਵੀ ਗੈਰ ਹਾਜ਼ਰ ਰਹਿਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਬਾਦਲ ਪਰਿਵਾਰ ਦੇ ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਪਹਿਲਾਂ ਤਾਂ ਵਾਇਰਲ ਤੋਂ ਪੀੜਤ ਸਨ ਪਰ ਅਚਾਨਕ ਹੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਣਾ ਸ਼ੁਰੂ ਹੋ ਗਿਆ ਹੈ ਤੇ ਨਾਲ ਹੀ ਸ਼ੂਗਰ ਦਾ ਲੈਵਲ ਵੀ ਘੱਟ ਗਿਆ ਹੈ, ਜੋ ਕਿ ਉਨ੍ਹਾਂ ਦੀ ਸਿਹਤ ਲਈ ਕਾਫੀ ਹਾਨੀਕਾਰਕ ਹੈ। 

ਸਾਬਕਾ ਮੁੱਖ ਮੰਤਰੀ ਕੁਝ ਦਿਨ ਪਹਿਲਾਂ ਚੰਡੀਗੜ੍ਹ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਹਿੱਸਾ ਲੈਣ ਆਏ ਸਨ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਸਿਰਫ 10 ਕੁ ਮਿੰਟ ਹੀ ਬੈਠ ਸਕੇ ਤੇ ਫਿਰ ਆਰਾਮ ਕਰਨ ਲਈ ਚਲੇ ਗਏ। ਸੂਤਰਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਸ਼ੋਕ ਸਭਾ 'ਚ ਸ਼ਾਮਲ ਹੋਣ ਤਾਂ ਗਏ ਪਰ ਸਿਹਤ ਖਰਾਬ ਹੋਣ ਕਾਰਨ ਸਭਾ 'ਚ ਨਾ ਪੁੱਜ ਸਕੇ ਅਤੇ ਉਨ੍ਹਾਂ ਦੇ ਘਰ ਜਾ ਕੇ ਹੀ ਅਫਸੋਸ ਪ੍ਰਗਟ ਕਰਕੇ ਆਏ। ਉੱਥੇ ਵੀ ਉਨ੍ਹਾਂ ਨੂੰ ਚੱਕਰ ਆ ਗਿਆ ਤੇ ਵਾਜਪਈ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ। 
ਸਾਬਕਾ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਅਕਾਲੀ ਲੀਡਰਸ਼ਿਪ ਕਾਫੀ ਫਿਕਰਮੰਦ ਹੈ। ਪਾਰਟੀ ਨੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਉਹ ਵੱਡੇ ਬਾਦਲ ਦੀ ਸਿਹਤਯਾਬੀ ਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਨ ਕਿਉਂਕਿ ਪਾਰਟੀ ਨੂੰ ਅਜੇ ਉਨ੍ਹਾਂ ਦੀ ਵੱਡੀ ਲੋੜ ਹੈ। ਫਿਲਹਾਲ ਵੱਡੇ ਬਾਦਲ ਦੇ ਨਾਲ ਤਾਇਨਾਤ ਡਾਕਟਰਾਂ ਵਲੋਂ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਹਾਲ ਦੀ ਘੜੀ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਪਾਰਟੀ ਹਲਕਿਆਂ ਮੁਤਾਬਕ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਸਾਬਕਾ ਮੁੱਖ ਮੰਤਰੀ ਦਾ ਨਾਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਡੂੰਘੀ ਸੱਟ ਵੱਜੀ ਹੈ।


Related News