ਜਦੋਂ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਮੁੱਖ ਮੰਤਰੀ ਦਾ ਰੂਟ ਬਦਲਣਾ ਪਿਆ...

Tuesday, Jun 07, 2016 - 03:02 PM (IST)

 ਜਦੋਂ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਮੁੱਖ ਮੰਤਰੀ ਦਾ ਰੂਟ ਬਦਲਣਾ ਪਿਆ...
ਨੂਰਪੁਰਬੇਦੀ (ਭੰਡਾਰੀ) : ਟੈਕਨੀਕਲ ਸਰਵਿਸਿਜ਼ ਯੂਨੀਅਨ (ਟੀ. ਐੱਸ. ਯੂ) ਦੇ ਝੰਡੇ ''ਤੇ ਗੁਪਤ ਐਕਸ਼ਨ ਤਹਿਤ ਇਕੱਠੇ ਹੋਏ ਸੈਂਕੜੇ ਬਿਜਲੀ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਪਿੰਡ ਸਿੰਘਪੁਰ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਸਤੇ ''ਚ ਖੜ੍ਹੇ ਹੋ ਕੇ ਕਾਲੇ ਝੰਡੇ ਲਹਿਰਾਏ ਅਤੇ ਜੰਮ ਕੇ ਪ੍ਰਦਰਸ਼ਨ ਕੀਤਾ। 
ਭਾਵੇਂ ਵੱਡੀ ਗਿਣਤੀ ''ਚ ਇਕੱਤਰ ਹੋਏ ਪੁਲਸ ਜਵਾਨਾਂ ਵਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਜਾ ਰਹੇ ਬਿਜਲੀ ਮੁਲਾਜ਼ਮਾਂ ਨੂੰ ਸਮਾਗਮ ਵਾਲੇ ਸਥਾਨ ਤੋਂ ਕੁਝ ਦੂਰੀ ''ਤੇ ਰੋਕ ਲਿਆ ਗਿਆ ਪਰ ਪੁਲਸ ਨੂੰ ਜਥੇਬੰਦੀ ਵਲੋਂ ਲਏ ਗਏ ਇਸ ਗੁਪਤ ਐਕਸ਼ਨ ਦਾ ਪਤਾ ਚੱਲਣ ''ਤੇ ਹੱਥਾਂ-ਪੈਰਾਂ ਦੀ ਪੈ ਗਈ। ਕਰੀਬ ਇਕ ਘੰਟੇ ਤੋਂ ਵੀ ਵੱਧ ਸਮੇਂ ਤੱਕ ਬਿਜਲੀ ਮੁਲਾਜ਼ਮ ਮੁੱਖ ਸੜਕ ''ਤੇ ਮੁੱਖ ਮੰਤਰੀ ਦੀ ਉਡੀਕ ''ਚ ਖੜ੍ਹੇ ਹੋ ਕੇ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕਰਦੇ ਰਹੇ। 
ਭਾਵੇਂ ਡੀ. ਐੱਸ. ਪੀ. ਆਨੰਦਪੁਰ ਸਾਹਿਬ ਸੰਤ ਸਿੰਘ ਧਾਲੀਵਾਲ ਅਤੇ ਤਹਿਸੀਲਦਾਰ ਆਨੰਦਪੁਰ ਸਾਹਿਬ ਸੁਰਿੰਦਰਪਾਲ ਸਿੰਘ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਹਾਸਲ ਕਰਕੇ ਮੁੱਖ ਮੰਤਰੀ ਨੂੰ ਪਹੁੰਚਾਉਣ ਦੀ ਗੱਲ ਕਹੀ ਪਰ ਧਰਨਾਕਾਰੀ ਮੁੱਖ ਮੰਤਰੀ ਨੂੰ ਮਿਲਣ ਦੀ ਜ਼ਿੱਦ ''ਤੇ ਅੜੇ ਰਹੇ ਅਤੇ ਉਨ੍ਹਾਂ ਦੇ ਇਸ ਵਿਰੋਧ ਦੇ ਚੱਲਦਿਆਂ ਪ੍ਰਸ਼ਾਸ਼ਨ ਨੇ ਪਿੰਡ ਮਾਣਕੂ ਮਾਜਰਾ ਦੇ ਬਦਲਵੇਂ ਰੂਟ ਰਾਹੀਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕਾਫਲੇ ਨੂੰ ਰਵਾਨਾ ਕੀਤਾ ਅਤੇ ਸੁੱਖ ਦਾ ਸਾਹ ਲਿਆ। 

author

Babita Marhas

News Editor

Related News