'ਵੱਡੇ ਬਾਦਲ' ਪਾਰਟੀ ਦੀ ਕਮਾਨ ਸੰਭਾਲਣਗੇ ਜਾਂ ਨਹੀਂ, ਫੈਸਲਾ 14 ਨੂੰ!
Monday, Dec 09, 2019 - 11:03 AM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ 14 ਦਸੰਬਰ ਨੂੰ ਹੈ ਅਤੇ ਇਸ ਦਿਨ ਪਤਾ ਲੱਗ ਜਾਵੇਗਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਕਮਾਨ ਸੰਭਾਲਣਗੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ। ਬੀਤੇ 3 ਸਾਲਾਂ ਦੌਰਾਨ ਪਾਰਟੀ ਦਾ ਗ੍ਰਾਫ ਜ਼ਿਆਦਾ ਚੜ੍ਹ ਨਹੀਂ ਸਕਿਆ ਹੈ, ਇਸ ਲਈ ਪਾਰਟੀ 'ਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਕਮਾਨ ਸੰਭਾਲਣੀ ਚਾਹੀਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪਾਰਟੀ ਹਾਸ਼ੀਏ 'ਤੇ ਚਲੀ ਗਈ ਹੈ। 2017 'ਚ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਦੇ ਖਿਲਾਫ ਵਧ ਰਹੇ ਰੋਸ ਦੇ ਬਾਵਜੂਦ ਅਕਾਲੀ ਦਲ ਦੀਆਂ ਜੜਾਂ ਮਜ਼ਬੂਤ ਨਾ ਹੋਣ ਨਾਲ ਪਾਰਟੀ 'ਚ ਇਸ ਗੱਲ ਦੀ ਚਰਚਾ ਹੈ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਵੇ ਅਤੇ ਸੁਖਬੀਰ ਬਾਦਲ ਕਾਰਜਕਾਰੀ ਪ੍ਰਧਾਨ ਦੇ ਤੌਰ 'ਤੇ ਕੰਮ ਕਰਨ।