ਬਾਦਲ ਦੀ ਵਿਚੋਲਗੀ : ਚੌਟਾਲਿਆਂ ਨਾਲ ਅਕਾਲੀਆਂ ਦੇ ਗਠਜੋੜ ਦਾ ਸੰਕੇਤ!
Monday, Sep 09, 2019 - 01:37 PM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿਛਲੇ ਦਿਨਾਂ ਤੋਂ ਚੌਟਾਲਾ ਪਰਿਵਾਰ ਦੇ ਪੁੱਤਰ ਪੋਤਿਆਂ 'ਚ ਮਚੇ ਰਾਜਸੀ ਘਸਮਾਨ ਪਾਟੋ ਤਾੜ ਨੂੰ ਖਤਮ ਕਰ ਕੇ ਏਕਾ ਕਰਵਾਉਣ ਦੇ ਆਰੰਭੇ ਗਏ ਕਾਰਜ ਭਾਵੇਂ ਇਸ ਗੱਲ ਦੀ ਅਗਵਾਈ ਭਰਦੇ ਹਨ ਕਿ ਸ. ਬਾਦਲ ਚੌਟਾਲਾ ਪਰਿਵਾਰ ਦੇ ਮੁਖੀ ਚੌਧਰੀ ਦੇਵੀਲਾਲ ਦੇ ਸਾਥੀ ਹਨ। ਚੌਟਾਲਾ ਪਰਿਵਾਰ ਉਨ੍ਹਾਂ ਦੀ ਹਰ ਗੱਲ ਮੰਨ ਵੀ ਸਕਦਾ ਹੈ ਪਰ ਇਸ ਵਿਚੋਲਗੀ 'ਤੇ ਰਾਜਸੀ ਪੰਡਤਾਂ ਦਾ ਹੋਰ ਹੀ ਤਰਕ ਹੈ।
ਰਾਜਸੀ ਪੰਡਤਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਮੀਟਿੰਗਾਂ ਕਰ ਕੇ ਹਰਿਆਣਾ ਵਿਧਾਨ ਸਭਾ ਦੀ ਚੋਣ ਲੜਨ ਦੀ ਕਸਰਤ ਕਰ ਰਿਹਾ ਸੀ ਅਤੇ ਆਪਣੀ ਹਿਮਾਇਤੀ ਰਾਜ ਕਰਦੀ ਪਾਰਟੀ ਭਾਜਪਾ ਤੋਂ 15 ਪਲੱਸ ਸੀਟਾਂ ਦਾ ਦਾਅਵਾ ਠੋਕ ਰਿਹਾ ਸੀ ਪਰ ਭਾਜਪਾ ਹਰਿਆਣੇ 'ਚ ਆਪਣੇ ਬਲਬੂਤੇ ਅਤੇ ਆਪਣੇ ਕੰਮਾਂ ਨੂੰ ਦੇਖ ਕੇ ਇਸ ਵਾਰ ਇੰਨੀ ਆਸਵੰਦ ਹੈ ਕਿ ਉਹ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ 2 ਸਿੱਧੇ ਤੌਰ 'ਤੇ ਅਤੇ 2 ਅਸਿੱਧੇ ਤੌਰ ਸੀਟਾਂ ਛੱਡਣ ਲਈ ਤਿਆਰ ਦੱਸੀ ਜਾ ਰਹੀ। ਜਿਸਨੂੰ ਅਕਾਲੀ ਦਲ ਸ਼ਾਇਦ ਹੀ ਮਨਜ਼ੂਰ ਕਰੇ ਕਿਉਂਕਿ ਅਕਾਲੀ ਦਲ ਵੱਡੀ ਕਸਰਤ ਕਰ ਕੇ ਵੱਡਾ ਦਾਅਵਾ ਠੋਕ ਚੁੱਕਾ ਹੈ। ਸ਼ਾਇਦ ਇਸ ਗੱਲ ਨੂੰ ਦੇਖ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਰਾਜਸੀ ਪੈਂਤਰਾ ਬਦਲਦੇ ਹੋਏ ਚੌਟਾਲਾ ਪਰਿਵਾਰ ਨਾਲ ਰਲ ਕੇ ਚੋਣ ਲੜਨ ਦੀ ਵਿਉਂਤਬੰਦੀ ਬਣਾ ਰਿਹਾ ਹੋਵੇ। ਰਾਜਸੀ ਮਾਹਰਾਂ ਨੇ ਕਿਹਾ ਕਿ ਬਾਕੀ ਦੇਖਦੇ ਹਾਂ ਕਿ ਆਉਣ ਵਾਲੇ ਇਸੇ ਹਫਤੇ ਹਰਿਆਣਾ ਦੀ ਸਾਰੀ ਤਸਵੀਰ ਸਾਫ ਹੋ ਜਾਵੇਗੀ। ਜੇਕਰ ਭਾਜਪਾ ਨੇ ਅਕਾਲੀਆਂ ਨੂੰ ਦਰਜਨ ਦੇ ਨੇੜੇ ਟਿਕਟਾਂ ਦੇ ਦਿੱਤੀਆਂ ਤਾਂ ਸੁਖਬੀਰ ਆਪਣੀ ਗੱਲ ਬਣਾਉਣ ਵਿਚ ਸਫਲ ਹੋਣਗੇ ਨਹੀਂ ਤਾਂ ਫਿਰ ਭਾਜਪਾ ਵਾਲੇ ਆਪਣੇ ਰਾਜਸੀ ਹੱਥ ਦਿਖਾ ਹੀ ਦੇਣਗੇ।