ਕੋਟਕਪੂਰਾ ਗੋਲੀਕਾਂਡ ਦੀ ਸਹੀ ਜਾਂਚ ਲਈ ਪ੍ਰਕਾਸ਼ ਸਿੰਘ ਬਾਦਲ ਦਾ ਨਾਰਕੋ ਟੈਸਟ ਜ਼ਰੂਰੀ : ਸੰਧਵਾਂ
Wednesday, Jun 23, 2021 - 01:40 AM (IST)

ਚੰਡੀਗੜ੍ਹ(ਰਮਨਜੀਤ)- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ‘ਸਿੱਟ’ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਹੀ ਜਾਂਚ ਲਈ ਪ੍ਰਕਾਸ਼ ਸਿੰਘ ਬਾਦਲ ਦਾ ਨਰਕੋ ਟੈਸਟ ਜ਼ਰੂਰ ਕਰਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨਵੀਂ ਜਾਂਚ ਕਮੇਟੀ ਰਾਹੀਂ ਬਾਦਲ ਪਰਿਵਾਰ ਨੂੰ ਬਚਾਉਣ ਲਈ ਨਾਟਕ ਕਰ ਰਹੀ ਹੈ ਅਤੇ ਪੰਜਾਬ ਵਾਸੀਆਂ ਨੂੰ ਕੋਈ ਇਨਸਾਫ਼ ਨਹੀਂ ਦੇ ਰਹੀ।
ਕੁਲਤਾਰ ਸਿੰਘ ਸੰਧਵਾਂ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਨਵੀਂ ਬਣਾਈ ਜਾਂਚ ਕਮੇਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਤੋਂ ਤਲਬ ਕੀਤਾ ਹੈ, ਜਿਸ ਨੂੰ ਪਿਛਲੀ ਜਾਂਚ ਕਮੇਟੀ ਨੇ ਵੀ ਬੁਲਾਇਆ ਸੀ। ਇਹ ਸਭ ਦੋਸ਼ੀਆਂ ਨੂੰ ਬਚਾਉਣ ਲਈ ਕੇਵਲ ਜਾਂਚ ਪ੍ਰਕਿਰਿਆ ਦੇ ਨਾਂ ’ਤੇ ਕੈਪਟਨ ਸਰਕਾਰ ਦਾ ਨਾਟਕ ਹੈ। ਇਹ ਸਭ ਕਰਨ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਰਕੋ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਜਾਂਚ ਪ੍ਰਕਿਰਿਆ ਪੂਰੀ ਤਰ੍ਹਾਂ ਹਮੇਸ਼ਾ ਲਈ ਖਤਮ ਹੋ ਜਾਵੇ।
ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨਹੀਂ ਛੱਡਣਗੇ ਕਾਂਗਰਸ ਪਾਰਟੀ : ਹਰੀਸ਼ ਰਾਵਤ
ਕੈ. ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿਚਕਾਰ ਮਿਲੀਭੁਗਤ ਹੋਣ ਦਾ ਦੋਸ਼ ਲਾਉਂਦਿਆਂ ਗਿਆਸਪੁਰਾ ਨੇ ਕਿਹਾ ਕਿ ਬਾਦਲ ਦੇ ਨਾਲ ਕੈਪਟਨ ਦਾ ਰਿਸ਼ਤਾ ਅੱਜ ਵੀ ਕਾਇਮ ਹੈ, ਜਿਸ ਨੂੰ ਆਮ ਜਨਤਾ ਜਾਣ ਚੁੱਕੀ ਹੈ ਕਿ ਅਕਾਲੀ ਕਾਂਗਰਸੀ ਮਿਲ ਕੇ ਬੇਅਦਬੀ ਦੇ ਇਨਸਾਫ਼ ਦੇ ਰਾਹ ਵਿਚ ਅੜਿੱਕੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਬੇਅਬਦੀ ਦੇ ਦੋਸ਼ੀਆਂ, ਸਾਜਿਸ਼ਘਾੜਿਆਂ ਅਤੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨੂੰ ਜਰੂਰ ਜੇਲਾਂ ਵਿਚ ਸੁੱਟਿਆ ਜਾਵੇਗਾ।