ਪਾਰਕ ਵਿਚ ਫਾਹਾ ਲੈ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
Friday, Sep 01, 2023 - 06:12 PM (IST)
ਲੁਧਿਆਣਾ (ਰਾਮ) : ਚੰਡੀਗੜ੍ਹ ਰੋਡ ’ਤੇ ਸੈਕਟਰ-39 ਦੇ ਪਾਰਕ ਵਿਚ ਰੁੱਖ ਦੇ ਨਾਲ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਲਾਸ਼ ਦੇ ਕੋਲੋਂ ਮੋਬਾਇਲ ਬਰਾਮਦ ਹੋਇਆ ਹੈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੀ ਪਛਾਣ ਰਾਮ ਸਜਨ (28) ਨਿਵਾਸੀ ਯੂ.ਪੀ. ਦੇ ਗੌਂਡਾ ਹਾਲ ਵਾਸੀ ਹੀਰਾ ਨਗਰ ਵਜੋਂ ਹੋਈ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।
ਈ. ਓ. ਏ.ਐੱਸ.ਆਈ. ਅਜਮੇਰ ਸਿੰਘ ਨੇ ਦੱਸਿਆ ਕਿ ਸੈਕਟਰ-39 ਦੇ ਸਾਬਕਾ ਕੌਂਸਲਰ ਦੇ ਦਫਤਰ ਦੇ ਸਾਹਮਣੇ ਪਾਰਕ ਵਿਚ ਰੁੱਖ ਦੇ ਨਾਲ ਫਾਹੇ ਨਾਲ ਲਟਕਦੀ ਲਾਸ਼ ਮਿਲੀ ਹੈ। ਲਾਸ਼ ਦੀ ਜੇਬ੍ਹ ਵਿਚੋਂ ਮਿਲੇ ਮੋਬਾਇਲ ਤੋਂ ਉਸ ਦੀ ਪਤਨੀ ਨੂੰ ਫੋਨ ਕੀਤਾ। ਇਸ ਤੋਂ ਬਾਅਦ ਮ੍ਰਿਤਕ ਦਾ ਚਾਚਾ ਘਟਨਾ ਸਥਾਨ ’ਤੇ ਪੁੱਜਾ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ।