ਬਜਟ ਇਜਲਾਸ ਦੇ ਆਖਰੀ ਦਿਨ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ 'ਤੇ ਕੀਤਾ ਵੱਡਾ ਹਮਲਾ
Wednesday, Mar 04, 2020 - 07:03 PM (IST)
ਜਲੰਧਰ/ਚੰਡੀਗੜ੍ਹ (ਰਮਨਜੀਤ)— ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦਾ ਆਖਰੀ ਦਿਨ ਵੀ ਹੰਗਾਮੇ ਭਰਪੂਰ ਰਿਹਾ। ਇਕ ਪਾਸੇ ਜਿੱਥੇ ਬਜਟ ਇਜਲਾਸ ਦੇ ਆਖਰੀ ਦਿਨ ਵੀ ਸਦਨ ਦੇ ਬਾਹਰ ਵਿਰੋਧੀਆਂ ਵੱਲੋਂ ਕਾਂਗਰਸ ਖਿਲਾਫ ਲਗਾਤਾਰ ਹੰਗਾਮਾ ਕੀਤਾ ਗਿਆ, ਉਥੇ ਹੀ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਵੀ ਆਪਣੀ ਹੀ ਸਰਕਾਰ 'ਤੇ ਵੱਡਾ ਹਮਲਾ ਕੀਤਾ। ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਪੰਜਾਬ ਵਿਧਾਨ ਸਭਾ 'ਚ ਨਿੱਜੀ ਥਰਮਲ ਪਲਾਂਟ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਜੇਕਰ ਕੰਮ ਨਾ ਕਰਨਾ ਹੋਵੇ ਤਾਂ ਕਦੇ ਅਫਸਰਾਂ ਦੀ ਕਮੇਟੀ ਬਣਾ ਦਿੱਤੀ ਜਾਂਦੀ ਹੈ ਤਾਂ ਕਦੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਗੱਲ ਕਹਿ ਦਿੱਤੀ ਜਾਂਦੀ ਪਰ ਹੁੰਦਾ ਕੁਝ ਨਹੀਂ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਇਸੇ ਕਰਕੇ ਜਨਤਾ ਵਿਚਾਲੇ ਲੀਡਰਾਂ ਦੀ ਫੇਸ ਵੈਲਿਊ ਨਹੀਂ ਰਹੀ ਹੈ।
ਉਥੇ ਹੀ ਪ੍ਰਗਟ ਸਿੰਘ ਨੇ ਬਹਿਬਲ ਕਲਾਂ ਮਾਮਲੇ 'ਚ ਸਪੀਕਰ ਸਾਬ੍ਹ ਨੂੰ ਹੱਲ ਕੱਢਣ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਬਹਿਬਲ ਕਲਾ ਮਾਮਲੇ 'ਚ ਅਜੇ ਤੱਕ ਚਾਰਜ ਫਰੇਮ ਨਹੀਂ ਹੋ ਸਕਿਆ। ਸਪੀਕਰ ਸਾਬ੍ਹ ਤੁਸੀਂ ਕੋਈ ਹੱਲ ਕੱਢੋ। ਉਨ੍ਹਾਂ ਕਿਹਾ ਕਿ ਸਪੀਕਰ ਸਾਬ੍ਹ ਇਸ ਮਾਮਲੇ 'ਚ ਇਕ ਕਮੇਟੀ ਬਣਾ ਬਣਾ ਦਿੱਤੀ ਜਾਵੇ ਤਾਂ ਕਿ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਬਾਹਰ ਨਿਕਲ ਜਾਵੇਗਾ।
ਬਿਜਲੀ ਦੇ ਮੁੱਦੇ 'ਤੇ ਬੋਲਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਲਗਾਤਾਰ ਮਹਿੰਗੀ ਬਿਜਲੀ ਨਾਲ ਪ੍ਰਭਾਵਿਤ ਹਨ। ਇਸ ਦੇ ਬਾਵਜੂਦ ਵੀ ਅਸੀਂ ਕੋਈ ਰਾਹਤ ਨਹੀਂ ਦੇ ਪਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪਾਵਰ ਐਗਰੀਮੈਂਟ 'ਤੇ ਬਹੁਤ ਗੱਲ ਹੋਈ ਪਰ ਕੰਮ ਕੁਝ ਨਹੀਂ ਹੋਇਆ। ਇਸ ਨਾਲ ਸਾਡਾ ਅਕਸ ਖਰਾਬ ਹੋ ਰਿਹਾ ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ 'ਚ ਬਜਟ ਦੇ ਆਖਰੀ ਦਿਨ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਸਦਨ 'ਚ ਨਾਅਰੇਬਾਜ਼ੀ ਕੀਤੀ ਗਈ। ਟੀਨੂੰ ਨੂੰ ਸਪੀਕਰ ਵੱਲੋਂ ਰੋਕਣ ਦੇ ਬਾਵਜੂਦ ਉਹ ਨਹੀਂ ਰੁਕੇ। ਇਸ ਦੌਰਾਨ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਅਕਾਲੀ ਵਿਧਾਇਕ ਪਵਨ ਟੀਨੂੰ ਦੇ ਸਪੀਕਰ ਪ੍ਰਤੀ ਰਵੱਈਆ 'ਤੇ ਨਾਰਾਜ਼ਗੀ ਪਰਗਟ ਕੀਤੀ, ਇਸ ਦੇ ਬਾਵਜੂਦ ਸਪੀਕਰ ਨੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਜਾਣੋ ਕਿਹੜੇ 'ਬਿੱਲ' ਹੋਏ ਪਾਸ