40 ਮਿੰਟ ਦੀ ਮੁਲਾਕਾਤ ਦੌਰਾਨ ਪਰਗਟ ਸਿੰਘ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ

02/20/2020 7:14:19 PM

ਚੰਡੀਗੜ੍ਹ/ਜਲੰਧਰ (ਅਸ਼ਵਨੀ)— ਇਕ ਵਾਰ ਫਿਰ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ 'ਤੇ ਹਮਲਾ ਕੀਤਾ ਹੈ। ਵਿਧਾਇਕ ਪਰਗਟ ਸਿੰਘ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਕੈਪਟਨ ਨੂੰ ਖਰੀਆਂ-ਖਰੀਆਂ ਸੁਣਾਈਆਂ। ਪਰਗਟ ਸਿੰਘ ਨੇ ਕਿਹਾ ਕਿ ਰੇਤ-ਸ਼ਰਾਬ ਦੇ ਕਾਰੋਬਾਰ ਕਾਰਨ ਜਨਤਾ 'ਚ ਪੰਜਾਬ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਪੰਜਾਬ ਦਾ ਐਕਸਾਈਜ਼ ਰੈਵੇਨਿਊ ਡਿੱਗਦਾ ਜਾ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪਰਗਟ ਸਿੰਘ ਨੇ ਪਹਿਲਾਂ ਮੁੱਖ ਮੰਤਰੀ ਦੇ ਨਾਂ ਚਿੱਠੀ ਵੀ ਲਿਖੀ ਸੀ। ਹਾਲਾਂਕਿ ਇਹ ਚਿੱਠੀ ਦਿਸੰਬਰ ਮਹੀਨੇ ਲਿਖੀ ਗਈ ਸੀ ਪਰ ਪਿਛਲੇ ਦਿਨੀਂ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਰਿਮਾਈਂਡਰ ਦਿੱਤਾ ਸੀ।

ਇਸ ਪੱਤਰ 'ਚ ਪਰਗਟ ਸਿੰਘ ਨੇ 1200 ਕਰੋੜ ਦੇ ਸਿੰਚਾਈ ਘਪਲੇ ਦੀ ਜਾਂਚ ਇਕ ਠੇਕੇਦਾਰ ਤੋਂ ਅੱਗੇ ਨਾ ਵੱਧ ਪਾਉਣ ਦਾ ਮੁੱਦਾ ਚੁੱਕਿਆ ਸੀ। ਇਸੇ ਤਰ੍ਹਾਂ ਉਨ੍ਹਾਂ ਲਿਖਿਆ ਸੀ ਕਿ ਸਾਬਕਾ ਕਾਰਜਕਾਲ ਦੌਰਾਨ ਭ੍ਰਿਸ਼ਟ ਮੰਤਰੀਆਂ ਅਤੇ ਅਧਿਕਾਰੀਆਂ 'ਤੇ ਵਿਜੀਲੈਂਸ ਜ਼ਰੀਏ ਜਿਸ ਤਰ੍ਹਾਂ ਦਾ ਸ਼ਿਕੰਜਾ ਕੱਸਿਆ ਗਿਆ ਸੀ ਉਸ ਦੇ ਚਲਦਿਆਂ ਉਨ੍ਹਾਂ 'ਚ ਡਰ ਪੈਦਾ ਹੋ ਗਿਆ ਸੀ ਪਰ ਇਸ ਵਾਰ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਇਸ ਦੇ ਇਲਾਵਾ ਬੇਅਦਬੀ ਵਰਗੇ ਮੁੱਦੇ ਵੀ ਉਨ੍ਹਾਂ ਨੇ ਚੁੱਕੇ ਸਨ। ਇਸ ਪੱਤਰ ਦੇ ਮੀਡੀਆ 'ਚ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਪਰਗਟ ਸਿੰਘ ਦੇ ਨਾਲ ਤਕਰੀਬਨ 40 ਮਿੰਟ ਤੱਕ ਮੁਲਾਕਾਤ ਕੀਤੀ।  ਮੰਨਿਆ ਜਾ ਰਿਹਾ ਸੀ ਕਿ ਮੁਲਾਕਾਤ ਤੋਂ ਬਾਅਦ ਪਰਗਟ ਸਿੰਘ ਦੇ ਤੇਵਰ ਢਿੱਲੇ ਹੋਣਗੇ ਪਰ ਮੁਲਾਕਾਤ ਤੋਂ ਬਾਅਦ ਪਰਗਟ ਸਿੰਘ ਨੇ ਇਕ ਵਾਰ ਫਿਰ ਤਲਖ ਤੇਵਰ ਦਿਖਾਉਂਦੇ ਕਿਹਾ ਕਿ ਕਾਂਗਰਸ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋ ਸਕੇ ਹਨ। ਇਸ ਲਈ ਜਨਤਾ ਦੀ ਉਮੀਦ ਟੁੱਟ ਰਹੀ ਹੈ।

ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਜਨਤਾ ਦੀ ਨਜ਼ਰ 'ਚ ਕੈਪਟਨ ਅਮਰਿੰਦਰ ਸਿੰਘ ਦਾ ਅਕਸ 1984 'ਚ ਅਸਤੀਫਾ ਦੇਣ ਵਾਲੇ ਅਤੇ ਪਿਛਲੀ ਸਰਕਾਰ 'ਚ ਪਾਣੀ ਦੇ ਸਾਰੇ ਸਮਝੌਤੇ ਰੱਦ ਕਰਨ ਵਾਲੇ ਸਸ਼ਕਤ ਨੇਤਾ ਦਾ ਹੈ। ਇਸ ਅਕਸ ਕਾਰਨ 2017 'ਚ ਜਨਤਾ ਨੇ ਕਾਂਗਰਸ ਨੂੰ ਵੋਟ ਵੀ ਪਾਈ ਪਰ ਅੱਜ ਉਨ੍ਹਾਂ ਦੀ ਉਮੀਦ ਟੁੱਟ ਰਹੀ ਹੈ ਕਿਉਂਕਿ ਕਾਂਗਰਸ ਪਰਫਾਰਮ ਨਹੀਂ ਕਰ ਪਾ ਰਹੀ ਹੈ।

ਰੈਵੇਨਿਊ ਵਧਾਉਣਾ ਕੋਈ ਰਾਕੇਟ ਸਾਇੰਸ ਨਹੀਂ
ਪਰਗਟ ਸਿੰਘ ਨੇ ਪੰਜਾਬ ਸਰਕਾਰ ਦੇ ਰੈਵੇਨਿਊ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਰੈਵੇਨਿਊ ਵਧਾਉਣਾ ਕੋਈ ਰਾਕੇਟ ਸਾਇੰਸ ਨਹੀਂ ਹੈ। ਐਕਸਾਈਜ਼ ਨੂੰ ਲੈ ਕੇ ਕਿਸੇ ਨੇ ਦੱਸਿਆ ਸੀ ਕਿ 100 ਰੁਪਏ ਸ਼ਰਾਬ ਦੀ ਬੋਤਲ, 100 ਰੁਪਇਆ ਐਕਸਾਈਜ਼ ਅਤੇ 100 ਰੁਪਇਆ ਹੈਂਡਲਿੰਗ ਚਾਰਜਿਜ਼ ਹਨ ਅਤੇ ਮਾਰਕੀਟ 'ਚ ਇਹੀ ਸ਼ਰਾਬ 800 ਰੁਪਏ ਦੀ ਵਿਕਦੀ ਹੈ। ਹੁਣ ਇਹ 500 ਰੁਪਏ ਕਿੱਥੇ ਹਨ? ਜੇਕਰ ਸਰਕਾਰ ਕਾਰਪੋਰੇਸ਼ਨ ਬਣਾ ਕੇ ਇਹ ਗੈਪ ਪੂਰਾ ਕਰੇ ਤਾਂ ਸਾਡੀ ਆਮਦਨੀ ਵਧ ਸਕਦੀ ਹੈ।

ਸੁਖਬੀਰ ਨੂੰ ਹਿਟਲਰ ਦੀ ਜੀਵਨੀ ਭੇਜਣ ਦਾ ਅਰਥ ਨਹੀਂ ਸਮਝੇ ਲੋਕ 
ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਹਿਟਲਰ ਦੀ ਜੀਵਨੀ ਭੇਜੀ ਸੀ। ਵੱਡੀ ਗਿਣਤੀ 'ਚ ਸਿਆਸੀ ਲੋਕਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਆਇਆ ਕਿ ਆਖਿਰ ਇਹ ਜੀਵਨੀ ਭੇਜੀ ਕਿਉਂ ਗਈ ਸੀ। ਇਸ ਦੇ ਪਿੱਛੇ ਮੰਸਾ ਕੀ ਸੀ। 

ਦਿੱਲੀ 'ਚ ਕਾਂਗਰਸ ਦੀ ਹਾਲਤ 'ਤੇ ਵੀ ਝਲਕਿਆ ਪਰਗਟ ਦਾ ਦਰਦ 
ਦਿੱਲੀ ਚੋਣਾਂ 'ਚ ਪਾਰਟੀ ਦੀ ਸਥਿਤੀ 'ਤੇ ਵੀ ਪਰਗਟ ਸਿੰਘ ਦਾ ਦਰਦ ਝਲਕਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਨੀਤੀ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਦਾ ਹੈ। ਪੰਜਾਬੀ ਲੜਾਕੇ ਹੁੰਦੇ ਹਨ। ਅਸੀਂ ਪੰਜਾਬ 'ਚ ਲੜਾਂਗੇ, ਪਾਰਟੀ ਨੂੰ ਮਰਨ ਨਹੀਂ ਦੇਵਾਂਗੇ ਪਰ ਆਪਣੇ-ਆਪਣੇ ਕੰਮਕਾਜ 'ਚ ਸੁਧਾਰ ਕਰਨ ਦੀ ਲੋੜ ਹੈ।


shivani attri

Content Editor

Related News