ਪੰਜਾਬ ਆਉਣ ਵਾਲੇ ਐਨ. ਆਰ.ਆਈਜ਼ ਲਈ ਚੰਗੀ ਖ਼ਬਰ, ਮੰਤਰੀ ਪਰਗਟ ਸਿੰਘ ਨੇ ਕੀਤਾ ਵੱਡਾ ਐਲਾਨ

Friday, Oct 22, 2021 - 10:51 PM (IST)

ਪੰਜਾਬ ਆਉਣ ਵਾਲੇ ਐਨ. ਆਰ.ਆਈਜ਼ ਲਈ ਚੰਗੀ ਖ਼ਬਰ, ਮੰਤਰੀ ਪਰਗਟ ਸਿੰਘ ਨੇ ਕੀਤਾ ਵੱਡਾ ਐਲਾਨ

ਲੁਧਿਆਣਾ (ਵਿੱਕੀ) : ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਵਤਨ ਪਰਤਣ ਸਮੇਂ ਹਵਾਈ ਅੱਡਿਆਂ ’ਤੇ ਆਉਂਦੀ ਕਿਸੇ ਕਿਸਮ ਦੀ ਮੁਸ਼ਕਲ ਦਾ ਮੌਕੇ ’ਤੇ ਹੀ ਆਨਲਾਈਨ ਨਿਪਟਾਰੇ ਲਈ 24 ਘੰਟੇ ਚੱਲਣ ਵਾਲਾ ਇਕ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ ਜਿਸ ਵਿਚ ਮਾਹਿਰਾਂ ਨੂੰ ਬਿਠਾਇਆ ਜਾਵੇਗਾ। ਇਹ ਗੱਲ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਵਿਭਾਗ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਲਈ ਸੱਦੀ ਮੀਟਿੰਗ ਦੌਰਾਨ ਕਹੀ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਈ ਵਾਰ ਪਰਵਾਸੀਆਂ ਨੂੰ ਹਵਾਈ ਅੱਡੇ ’ਤੇ ਉਤਰਨ ਸਮੇਂ ਕਾਗਜ਼ੀ ਕਾਰਵਾਈਆਂ, ਤਕਨੀਕੀ ਕਾਰਨਾਂ ਜਾਂ ਕਿਸੇ ਗਲਤਫਹਿਮੀ ਕਾਰਣ ਰੋਕ ਲਿਆ ਜਾਂਦਾ ਹੈ ਜਿਸ ਨਾਲ ਉਹ ਘਬਰਾਅ ਜਾਂਦੇ ਹਨ ਅਤੇ ਆਪਣੇ ਦਸਤਾਵੇਜ਼ ਤੇ ਪਛਾਣ ਸਹੀ ਹੋਣ ਦੇ ਬਾਵਜੂਦ ਖੱਜਲ-ਖੁਆਰੀ ਦਾ ਸਾਹਮਣਾ ਕਰਦੇ ਹਨ। ਅਜਿਹੇ ਮਾਮਲਿਆਂ ਵਿਚ ਯਾਤਰੂਆਂ ਦੀ ਮੱਦਦ ਲਈ ਸੂਬਾ ਸਰਕਾਰ ਵੱਲੋਂ ‘ਕੁਇਕ ਰਿਸਪਾਂਸ ਸੈਂਟਰ’ ਸਥਾਪਤ ਕੀਤਾ ਜਾਵੇਗਾ ਜਿਹੜਾ ਕਿ 24 ਘੰਟੇ ਸਰਗਰਮ ਰਹੇਗਾ। ਇਸ ਸੈਂਟਰ ਵਿਚ ਬੈਠਣ ਵਾਲੇ ਐਨ.ਆਰ.ਆਈਜ਼ ਨੂੰ ਦਰਪੇਸ਼ ਸਮੱਸਿਆਵਾਂ ਨਾਲ ਸਬੰਧਤ ਮਾਹਿਰ ਹੋਣਗੇ ਜੋ ਮੌਕੇ ’ਤੇ ਹੀ ਫੋਨ ਉਪਰ ਸਬੰਧਤ ਧਿਰ ਨਾਲ ਰਾਬਤਾ ਕਾਇਮ ਕਰਕੇ ਪਰਵਾਸੀ ਪੰਜਾਬੀਆਂ ਦੀ ਹੁੰਦੀ ਖੱਜਲ-ਖੁਆਰੀ ਤੋਂ ਨਿਜ਼ਾਤ ਦਿਵਾਉਣਗੇ। ਇਸ ਦਾ ਸੰਪਰਕ ਨੰਬਰ ਜਨਤਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਤਲਖੀ ਦਰਮਿਆਨ ਮੁੱਖ ਮੰਤਰੀ ਚੰਨੀ ਨੇ ਸਿੱਧੂ ਨਾਲ ਤਸਵੀਰ ਵਾਲਾ ਪੋਸਟਰ ਕੀਤਾ ਜਾਰੀ

PunjabKesari

ਐਨ.ਆਰ.ਆਈਜ਼ ਨੂੰ ਜ਼ਮੀਨ/ਜਾਇਦਾਦ ਨਾਲ ਸਬੰਧਤ ਦੀਵਾਨੀ ਮਾਮਲਿਆਂ, ਪੁਲਸ ਨਾਲ ਸਬੰਧਤ ਫੌਜਦਾਰੀ, ਵਿਆਹ ਨਾਲ ਸਬੰਧਤ ਅਤੇ ਹੋਰ ਕੇਸਾਂ ਵਿਚ ਹੁੰਦੀ ਖੱਜਲ-ਖੁਆਰੀ ਨੂੰ ਖ਼ਤਮ ਕਰਨ ਅਤੇ ਪੈਂਡਿੰਗ ਮਾਮਲਿਆਂ ਦੇ ਫੌਰੀ ਹੱਲ ਲਈ ਪਰਗਟ ਸਿੰਘ ਨੇ ਵਿਭਾਗ ਨੂੰ ਮਾਲ ਵਿਭਾਗ ਅਤੇ ਪੁਲਸ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਹਰ ਜ਼ਿਲ੍ਹੇ ਵਿਚ ਸਮਰਪਿਤ ਅਧਿਕਾਰੀ ਤਾਇਨਾਤ ਕਰਨ ਬਾਰੇ ਕੋਈ ਖਾਕਾ ਉਲੀਕਣ ਲਈ ਕਿਹਾ। ਇਸੇ ਤਰ੍ਹਾਂ ਵਿਦੇਸ਼ ਜਾਣ ਦੇ ਇਛੁੱਕ ਲੋਕਾਂ ਨੂੰ ਵੈਰੀਫਿਕੇਸ਼ਨ ਲਈ ਉਚੇਚੇ ਤੌਰ ’ਤੇ ਚੰਡੀਗੜ੍ਹ ਆਉਣ ਦੀ ਹੁੰਦੀ ਮੁਸ਼ਕਲ ਨੂੰ ਦੇਖਦਿਆਂ ਐਨ.ਆਰ.ਆਈਜ਼ ਮੰਤਰੀ ਨੇ ਵਿਭਾਗ ਨੂੰ ਘਰ ਬੈਠਿਆਂ ਹੀ ਆਨਲਾਈਨ ਵਿਧੀ ਰਾਹੀਂ ਅਪਲਾਈ ਕਰਵਾ ਕੇ ਸਬੰਧਤ ਖੇਤਰਾਂ ਦੇ ਸੁਵਿਧਾ ਜਾਂ ਸਾਂਝ ਕੇਂਦਰਾਂ ਤੋਂ ਸਰਟੀਫਿਕੇਟ ਹਾਸਲ ਕਰਨ ਬਾਰੇ ਤਜਵੀਜ਼ ਬਣਾਉਣ ਲਈ ਕਿਹਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰੀਸ਼ ਰਾਵਤ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਅਹੁਦੇ ਤੋਂ ਛੁੱਟੀ

ਉਨ੍ਹਾਂ ਕਿਹਾ ਕਿ ਕਈ ਪਰਵਾਸੀ ਆਪੋ-ਆਪਣੇ ਪਿੰਡਾਂ-ਸ਼ਹਿਰਾਂ ਵਿਚ ਖੇਡਾਂ, ਸਿੱਖਿਆ, ਸਿਹਤ ਆਦਿ ਖੇਤਰਾਂ ਵਿਚ ਨਿਵੇਸ਼ ਕਰਨ ਦੇ ਇਛੁੱਕ ਹੁੰਦੇ ਹਨ ਪਰ ਦੋਵਾਂ ਧਿਰਾਂ ਨੂੰ ਇਸ ਬਾਰੇ ਸਹੀ ਗਿਆਨ ਅਤੇ ਵਿਧੀ-ਵਿਧਾਨ ਨਾ ਹੋਣ ਕਰਕੇ ਇਸ ਨੂੰ ਅਮਲ ਵਿਚ ਨਹੀਂ ਲਿਆ ਸਕਦੇ। ਇਸ ਮਾਮਲੇ ਵਿਚ ਵਿਭਾਗ ਨੂੰ ਦੋਵਾਂ ਦੀ ਸਹੂਲਤ ਲਈ ਕੰਮ ਕਰਨਾ ਪਵੇਗਾ। ਇਸੇ ਤਰ੍ਹਾਂ ਵਿੱਤ ਤੇ ਵਪਾਰਿਕ ਕੰਮਾਂ ਲਈ ਵੀ ਵਿਭਾਗ ਵਿੰਗ ਸਥਾਪਤ ਕਰੇ ਤਾਂ ਜੋ ਐਨ.ਆਰ.ਆਈਜ਼ ਨੂੰ ਸਹੂਲਤ ਦਿੱਤੀ ਜਾ ਸਕੇ। ਪਰਗਟ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿਚ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈਜ਼ ਦੀ ਸਹੂਲਤ ਲਈ ਤਾਇਨਾਤ ਕੋਆਰਡੀਨੇਟਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਵਾ ਕੇ ਇਨ੍ਹਾਂ ਕੋਆਰਡੀਨੇਟਰਾਂ ਨੂੰ ਮਾਨਤਾ ਦਿਵਾਈ ਜਾਵੇਗੀ ਤਾਂ ਜੋ ਉਹ ਸਬੰਧਤ ਮੁਲਕਾਂ ਦੇ ਸਫਰਾਤਖਾਨਿਆਂ ਅਤੇ ਹਾਈ ਕਮਿਸ਼ਨ ਦਫਤਰਾਂ ਵਿਚ ਪਰਵਾਸੀਆਂ ਦੀ ਮੱਦਦ ਲਈ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਸਕਣ।

ਇਹ ਵੀ ਪੜ੍ਹੋ : ਕਾਂਗਰਸ ’ਚ ਫਿਰ ਵਧੀ ਹਲਚਲ, ਦਿੱਲੀ ਰਵਾਨਾ ਹੋਏ ਰੰਧਾਵਾ ਤੇ ਆਸ਼ੂ

ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਵਿਭਾਗ ਨੂੰ ਇਕ ਸੰਗਠਿਤ ਪੋਰਟਲ ਬਣਾਉਣ ਲਈ ਕਿਹਾ ਜਿਸ ’ਤੇ ਐਨ.ਆਰ.ਆਈਜ਼ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸੇਵਾਵਾਂ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਮਿਲੇ ਤਾਂ ਜੋ ਇਕੋ ਪੋਰਟਲ ਰਾਹੀਂ ਪਰਵਾਸੀ ਪੰਜਾਬੀ ਸੂਬਾ ਸਰਕਾਰ ਨਾਲ ਰਾਬਤਾ ਕਾਇਮ ਕਰ ਸਕਣ। ਪਰਗਟ ਸਿੰਘ ਨੇ ਵਿਦੇਸ਼ਾਂ ਵਿਚ ਰਹਿੰਦੇ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਦੇਸ਼ ਨਾਲ ਜੋੜਨ ਲਈ ਸ਼ੁਰੂ ਕੀਤੇ ਪ੍ਰੋਗਰਾਮ ‘ਆਪਣੀਆਂ ਜੜ੍ਹਾਂ ਨਾਲ ਜੋੜੋ’ ਨੂੰ ਸਰਗਰਮੀ ਨਾਲ ਚਲਾਉਣ, ਐਨ.ਆਰ.ਆਈ. ਸਭਾਵਾਂ ਨਾਲ ਰਾਬਤਾ ਕਾਇਮ ਰੱਖਣ ਅਤੇ ਨੇੜ ਭਵਿੱਖ ਵਿਚ ਪਰਵਾਸੀ ਭਾਰਤੀ ਕਨਵੈਨਸ਼ਨ ਕਰਵਾਉਣ ਉਤੇ ਵੀ ਕੰਮ ਕਰਨ ਲਈ ਆਖਿਆ।

ਇਹ ਵੀ ਪੜ੍ਹੋ : ਢੱਡਰੀਆਂ ਵਾਲਿਆਂ ਨੇ ਐੱਸ. ਜੀ. ਪੀ. ਸੀ. ਪ੍ਰਧਾਨ ਬੀਬੀ ਜਗੀਰ ਕੌਰ ਨੂੰ ਦਿਖਾਏ ਤਿੱਖੇ ਤੇਵਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News