ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਸਹੁਰਿਆਂ ਨੇ ਸੜਕ ''ਚ ਘੇਰ ਕੇ ਕੁੱਟੀ ਨੂੰਹ

Sunday, Aug 13, 2017 - 06:14 PM (IST)

ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਸਹੁਰਿਆਂ ਨੇ ਸੜਕ ''ਚ ਘੇਰ ਕੇ ਕੁੱਟੀ ਨੂੰਹ

ਮੋਗਾ (ਅਜ਼ਾਦ)— ਮੋਗਾ ਜ਼ਿਲੇ ਦੇ ਪਿੰਡ ਕਮਾਲਕੇ ਖੁਰਦ ਨਿਵਾਸੀ ਮਹਿਲਾ ਨੇ ਦਾਜ ਦੀ ਖਾਤਰ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਕੁਝ ਹੋਰ ਲੋਕਾਂ ਨੂੰ ਨਾਲ ਲੈ ਕੇ ਉਸ ਨੂੰ ਰਸਤੇ 'ਚ ਘੇਰ ਕੇ ਮਾਰਕੁੱਟ ਕਰਕੇ ਜ਼ਖਮੀ ਕੀਤੇ ਜਾਣ ਦਾ ਦੋਸ਼ ਲਾਇਆ ਗਿਆ ਹੈ, ਜਿਸ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। 
ਕੀ ਹੈ ਸਾਰਾ ਮਾਮਲਾ—
ਪੀੜ੍ਹਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦਾ ਵਿਆਹ 17 ਅਪ੍ਰੈਲ 2017 ਨੂੰ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਕਮਾਲਕੇ ਖੁਰਦ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ। ਵਿਆਹ ਸਮੇਂ ਉਸ ਦੇ ਪੇਕਿਆਂ ਵਾਲਿਆਂ ਵੱਲੋਂ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਗਿਆ ਪਰ ਵਿਆਹ ਦੇ ਬਾਅਦ ਉਸ ਦਾ ਪਤੀ ਅਤੇ ਉਸ ਦਾ ਸਹੁਰਾ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਪੇਕਿਆਂ ਤੋਂ ਹੋਰ ਦਾਜ ਅਤੇ ਨਕਦੀ ਦੋ ਲੱਖ ਰੁਪਏ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਲੱਗੇ। ਜਿਸ 'ਤੇ ਉਸ ਨੇ ਆਪਣੇ ਪੇਕੇ ਵਾਲਿਆਂ ਨੂੰ ਜਾਣਕਾਰੀ ਦਿੱਤੀ। ਪੀੜ੍ਹਤਾ ਦੇ ਪਰਿਵਾਰ ਨੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਮੰਗ ਪੂਰੀ ਨਹੀਂ ਕਰ ਸਕਦੇ, ਪਰ ਉਨ੍ਹਾਂ ਕੋਈ ਗੱਲ ਨਾ ਸੁਣੀ। ਆਖਿਰ ਉਨ੍ਹਾਂ 9 ਅਗਸਤ 2017 ਨੂੰ ਉਸ ਨੂੰ ਮਾਰਕੁੱਟ ਕਰਕੇ ਘਰੋਂ ਕੱਢ ਦਿੱਤਾ ਗਿਆ। ਪੀੜ੍ਹਤਾ ਨੇ ਕਿਹਾ ਕਿ ਜਦ ਉਹ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਜਾ ਰਹੀ ਸੀ ਤਾਂ ਮੇਰੇ ਪਤੀ ਗੁਰਜੰਟ ਸਿੰਘ, ਸੱਸ ਛਿੰਦਰ ਕੌਰ, ਪਰਮਜੀਤ ਕੌਰ ਨਿਵਾਸੀ ਪਿੰਡ ਕਮਾਲਕੇ ਖੁਰਦ ਅਤੇ ਉਸ ਦੇ ਨਾਲ ਆਏ 20-25 ਅਣਪਛਾਤੇ ਵਿਅਕਤੀਆਂ ਨੇ ਰਸਤੇ 'ਚ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ। ਪੀੜ੍ਹਤਾ ਨੇ ਕਿਹਾ ਕਿ ਉਸ ਦੇ ਦਾਜ ਦਾ ਸਾਰਾ ਸਮਾਨ ਵੀ ਸਹੁਰਿਆਂ ਨੇ ਹੜੱਪ ਕਰ ਲਿਆ।

ਕੀ ਹੋਈ ਪੁਲਸ ਕਾਰਵਾਈ—
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀੜ੍ਹਤਾ ਦੇ ਪਤੀ ਗੁਰਜੰਟ ਸਿੰਘ, ਸੱਸ ਛਿੰਦਰ ਕੌਰ ਅਤੇ ਪਰਮਜੀਤ ਕੌਰ ਦੇ ਇਲਾਵਾ 20-25 ਅਣਪਛਾਤੇ ਵਿਅਕਤੀਆਂ ਖਿਲਾਫ ਦਾਜ ਦੀ ਖਾਤਰ ਅਤੇ ਰਸਤੇ 'ਚ ਘੇਰ ਕੇ ਮਾਰਕੁੱਟ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਉਹ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਕੇ ਸਚਾਈ ਜਾਨਣ ਦਾ ਯਤਨ ਕਰ ਰਹੇ ਹਨ।

ਪਤੀ ਨੇ ਸਹੁਰਿਆਂ 'ਤੇ ਲਾਇਆ ਮਾਰਕੁੱਟ ਦਾ ਦੋਸ਼—
ਪੀੜ੍ਹਤਾ ਦੇ ਪਤੀ ਗੁਰਜੰਟ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਸੱਸ ਚਰਨਜੀਤ ਕੌਰ, (ਸਾਲੇ) ਜਗਦੀਪ ਸਿੰਘ, ਗੁਰਜੀਤ ਸਿੰਘ, ਲਵਪੀ੍ਰਤ ਸਿੰਘ ਅਤੇ ਉਸ ਦੇ ਚਚੇਰੇ ਭਰਾ ਤਰਨਦੀਪ ਸਿੰਘ ਨਿਵਾਸੀ ਪਿੰਡ ਗਾਲਿਬ ਕਲਾਂ 'ਤੇ ਬੀਤੀ 9 ਅਗਸਤ ਦੀ ਰਾਤ ਨੂੰ ਉਨ੍ਹਾਂ ਦੇ ਘਰ ਆ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰਕੇ ਜ਼ਖਮੀ ਕੀਤੇ ਜਾਣ ਦਾ ਦੋਸ਼ ਲਾਇਆ ਹੈ, ਜਿਸ ਨੂੰ ਸਿਵਲ ਹਸਪਤਾਲ ਕੋਟ ਈਸੇ ਖਾਂ ਦਾਖਲ ਕਰਵਾਇਆ ਗਿਆ। ਇਸ ਸਬੰਧ 'ਚ ਧਰਮਕੋਟ ਪੁਲਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News