ਭਾਜਪਾ ਦੇ 55 ਫ਼ੀਸਦੀ ਸੰਸਦ ਮੈਂਬਰ ਗੰਭੀਰ ਜੁਰਮਾਂ ਦੇ ਦੋਸ਼ੀ, ਰਾਹੁਲ ਗਾਂਧੀ ਨੂੰ ਹੀ ਜਾਣਬੁੱਝ ਕੇ ਬਣਾਇਆ ਨਿਸ਼ਾਨਾ: ਪ੍ਰਤਾਪ ਬਾਜਵਾ

Saturday, Apr 01, 2023 - 10:49 AM (IST)

ਭਾਜਪਾ ਦੇ 55 ਫ਼ੀਸਦੀ ਸੰਸਦ ਮੈਂਬਰ ਗੰਭੀਰ ਜੁਰਮਾਂ ਦੇ ਦੋਸ਼ੀ, ਰਾਹੁਲ ਗਾਂਧੀ ਨੂੰ ਹੀ ਜਾਣਬੁੱਝ ਕੇ ਬਣਾਇਆ ਨਿਸ਼ਾਨਾ: ਪ੍ਰਤਾਪ ਬਾਜਵਾ

ਜਲੰਧਰ (ਚੋਪੜਾ)– ਰਾਹੁਲ ਗਾਂਧੀ ਦੀ ਵਧਦੀ ਲੋਕਪ੍ਰਿਯਤਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤੀ ਜਨਤਾ ਪਾਰਟੀ ਦੀ ਟੀਮ ਘਬਰਾ ਗਈ ਹੈ। ਉਕਤ ਦੋਸ਼ ਲਾਉਂਦੇ ਹੋਏ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਤਹਿਤ ਰਾਹੁਲ ਗਾਂਧੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਕਿਸੇ ਨੂੰ ਮਾਣਹਾਨੀ ਦੇ ਮੁਕੱਦਮੇ ਵਿਚ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਸਜ਼ਾ ਸੁਣਾਉਣ ਦੇ 24 ਘੰਟਿਆਂ ਅੰਦਰ ਲੋਕ ਸਭਾ ਸਕੱਤਰੇਤ ਨੇ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਅਯੋਗ ਐਲਾਨ ਦਿੱਤਾ ਅਤੇ ਉਨ੍ਹਾਂ ਦੀ ਮੈਂਬਰੀ ਰੱਦ ਕਰ ਦਿੱਤੀ। ਬਾਜਵਾ ਨੇ ਕਿਹਾ ਕਿ ਖ਼ੁਦ ਭਾਜਪਾ ਦੇ 55 ਫ਼ੀਸਦੀ ਸੰਸਦ ਮੈਂਬਰਾਂ ’ਤੇ ਗੰਭੀਰ ਜੁਰਮਾਂ ਦੇ ਦੋਸ਼ ਹਨ ਅਤੇ ਉਨ੍ਹਾਂ ਖ਼ਿਲਾਫ਼ ਕਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਦੀ ਮੈਂਬਰੀ ਕਦੀ ਰੱਦ ਨਹੀਂ ਕੀਤੀ ਗਈ। ਇਹ ਸਾਰਾ ਕਾਂਡ ਸਾਬਿਤ ਕਰਦਾ ਹੈ ਕਿ ਮੋਦੀ ਸਰਕਾਰ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਵਾਲਾਂ ਤੋਂ ਕਿੰਨਾ ਘਬਰਾਈ ਹੋਈ ਹੈ।

ਇਹ ਵੀ ਪੜ੍ਹੋ : ਸ਼ਾਹਕੋਟ 'ਚ ਰੂਹ ਕੰਬਾਊ ਹਾਦਸਾ, 3 ਨੌਜਵਾਨਾਂ ਦੀ ਦਰਦਨਾਕ ਮੌਤ, ਇਕ ਦੀ ਵੱਖ ਹੋਈ ਬਾਂਹ ਤੇ ਇਕ ਦਾ ਖੁੱਲ੍ਹਿਆ ਦਿਮਾਗ

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਜੋ ਵੀ ਸਵਾਲ ਕਰਦਾ ਹੈ, ਉਹ ਉਸ ਨੂੰ ਡਰਾ-ਧਮਕਾ ਕੇ ਅਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਵੱਖ-ਵੱਖ ਏਜੰਸੀਆਂ ਅਤੇ ਸੰਵਿਧਾਨਿਕ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਚੁੱਪ ਕਰਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ 7 ਫਰਵਰੀ 2023 ਨੂੰ ਸੰਸਦ ਵਿਚ ਭਾਸ਼ਣ ਦੇ ਕੇ ਗੌਤਮ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਸੰਬੰਧਾਂ ’ਤੇ ਸਵਾਲ ਉਠਾਇਆ ਅਤੇ ਮੋਦੀ ਸਰਕਾਰ ਤੋਂ ਇਕ ਵੱਡਾ ਸਵਾਲ ਪੁੱਛਿਆ ਕਿ ਗੌਤਮ ਅਡਾਨੀ ਕੋਲ ਜੋ ਵਿਦੇਸ਼ੀ 20 ਹਜ਼ਾਰ ਕਰੋੜ ਰੁਪਏ ਹਨ, ਉਹ ਕਿਸਦੇ ਹਨ? ਕੀ ਇਹ ਸਿਆਸੀ ਪੈਸਾ ਹੈ?
ਇਸ ਭਾਸ਼ਣ ਦੇ 9 ਦਿਨਾਂ ਅੰਦਰ ਭਾਜਪਾ ਦੇ ਇਕ ਵਿਧਾਇਕ ਪੁਰਣੇਸ਼ ਭੂਤਵਾਲਾ ਨੇ 2019 ਵਿਚ ਸੂਰਤ (ਗੁਜਰਾਤ) ਦੀ ਇਕ ਅਦਾਲਤ ਵਿਚ ਝੂਠੀ ਪਟੀਸ਼ਨ ਦਾਖ਼ਲ ਕੀਤੀ ਸੀ। 2022 ਵਿਚ ਉਨ੍ਹਾਂ ਖ਼ੁਦ ਹੀ ਗੁਜਰਾਤ ਹਾਈਕੋਰਟ ਤੋਂ ਉਸ ’ਤੇ ਸਟੇਅ ਲਾਉਣ ਦੀ ਮੰਗ ਕਰਦਿਆਂ ਸਟੇਅ ਲਿਆ ਹੋਇਆ ਸੀ। ਸੰਸਦ ਵਿਚ ਰਾਹੁਲ ਗਾਂਧੀ ਦੇ ਭਾਸ਼ਣ ਦੇ ਕੁਝ ਦਿਨਾਂ ਅੰਦਰ ਗੁਜਰਾਤ ਹਾਈ ਕੋਰਟ ਵਿਚ ਇਕ ਸਾਲ ਬਾਅਦ ਉਸ ਸਟੇਅ ਨੂੰ ਵਾਪਸ ਲੈ ਲਿਆ ਸੀ। 27 ਫਰਵਰੀ 2023 ਨੂੰ ਉਸ ਝੂਠੀ ਸ਼ਿਕਾਇਤ ’ਤੇ ਸੂਰਤ ਦੀ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਈ ਅਤੇ 23 ਮਾਰਚ 2023 ਨੂੰ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਅਦਾਲਤ ਨੇ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦੇ ਦਿੱਤਾ।

ਬਾਜਵਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਰਾਹੁਲ ਗਾਂਧੀ ਦੇ ਪਰਿਵਾਰ ਦੇ 3 ਮੈਂਬਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ, ਉਨ੍ਹਾਂ ਨੂੰ ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ, ਜਦੋਂ ਕਿ ਭਾਜਪਾ ਦੇ ਅਨੇਕ ਸਾਬਕਾ ਸੰਸਦ ਮੈਂਬਰ ਹਨ, ਜਿਨ੍ਹਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਨਾ ਹੁੰਦੇ ਹੋਏ ਵੀ ਉਹ ਸਾਲਾਂ ਤੋਂ ਸਰਕਾਰੀ ਬੰਗਲਿਆਂ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਆਪਣੇ ਵਰਕਰਾਂ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਅਤੇ ਲਾਮਬੰਦ ਕਰਕੇ ਵੱਡਾ ਸੰਘਰਸ਼ ਕਰੇਗੀ। ਰਾਸ਼ਟਰੀ ਅਤੇ ਸੂਬਾਈ ਏਜੰਸੀਆਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀਆਂ ਹਨ। ਪਿਛਲੇ 6 ਮਹੀਨਿਆਂ ਤੋਂ ਸੂਬੇ ਵਿਚ ਕਾਨੂੰਨ ਵਿਵਸਥਾ ਬੇਹੱਦ ਨਾਜ਼ੁਕ ਦੌਰ ਵਿਚ ਪਹੁੰਚ ਚੁੱਕੀ ਹੈ। ਮਾਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਵਰਗਾ ਗੈਂਗਸਟਰ ਜੇਲ੍ਹ ਵਿਚੋਂ ਸ਼ਰੇਆਮ ਵੀਡੀਓ ’ਤੇ ਵੀਡੀਓ ਜਾਰੀ ਕਰ ਰਿਹਾ ਹੈ ਪਰ ਗ੍ਰਹਿ ਅਤੇ ਜੇਲ ਵਿਭਾਗ ਆਪਣੇ ਕੋਲ ਰੱਖਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਵਿਚ ਚੁੱਪ ਧਾਰੀ ਹੋਈ ਹੈ। ਕਿਸੇ ਅਧਿਕਾਰੀ ਦੀ ਅੱਜ ਤੱਕ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਲਈ ਵੱਡੀ ਪਹਿਲ ਕਰਨ ਜਾ ਰਹੀ ਪੰਜਾਬ ਸਰਕਾਰ, ਸ਼ੁਰੂ ਹੋਣਗੀਆਂ ਯੋਗਸ਼ਾਲਾਵਾਂ

ਬਾਜਵਾ ਨੇ ਕਿਹਾ ਕਿ ਅੰਮ੍ਰਿਤਪਾਲ ਕਾਂਡ ਵੀ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਪੰਜਾਬ ਦੀ ਜਨਤਾ ਨੇ ਅੱਤਵਾਦ ਦੇ ਕਾਲੇ ਦੌਰ ਦਾ ਸੰਤਾਪ ਝੱਲਿਆ ਹੈ। ਉਹ ਹੁਣ ਕਿਸੇ ਦੇ ਝਾਂਸੇ ਵਿਚ ਨਹੀਂ ਆਉਣਗੇ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ, ਲੋਕ ਸਭਾ ਉਪ ਚੋਣ ਵਿਚ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ, ਵਿਧਾਇਕ ਵਿਕਰਮਜੀਤ ਚੌਧਰੀ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਗੁਰਵਿੰਦਰ ਸਿੰਘ ਅਟਵਾਲ, ਮਹਿਲਾ ਕਾਂਗਰਸ ਦੀ ਰਾਸ਼ਟਰੀ ਕੋਆਰਡੀਨਟਰ ਡਾ. ਜਸਲੀਨ ਸੇਠੀ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਤਲਵਾੜਾ ਤੋਂ ਆਈ ਦੁਖ਼ਦਾਇਕ ਖ਼ਬਰ, ਪਿਓ ਨੇ ਦੋ ਧੀਆਂ 'ਤੇ ਪੈਟਰੋਲ ਪਾ ਕੇ ਲਾਈ ਅੱਗ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News