ਨੋਟਿਸ ਭੇਜਣ 'ਤੇ ਬੀਬੀ ਖਾਲੜਾ ਦਾ ਚੋਣ ਕਮਿਸ਼ਨ ਨੂੰ ਜਵਾਬ

04/23/2019 2:51:37 PM

ਚੰਡੀਗੜ੍ਹ (ਭੁੱਲਰ) : ਬੀਬੀ ਪਰਮਜੀਤ ਕੌਰ ਖਾਲੜਾ ਉਮੀਦਵਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਚੋਣ ਕਮਿਸ਼ਨ ਵਲੋਂ ਭੇਜੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਖਾਲੜਾ ਦੇ ਪ੍ਰਤੀਨਿਧੀ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਖਾਲੜਾ ਨੇ ਆਪਣੇ ਜਵਾਬ 'ਚ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਕਿਸੇ ਵੀ ਤਰ੍ਹਾਂ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਬੀ ਖਾਲੜਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਚੋਣ ਮੈਨੀਫੈਸਟੋ ਦੱਸੇ ਜਾਣ ਖਿਲਾਫ਼ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਵਲੋਂ ਜ਼ਿਲਾ ਚੋਣ ਅਧਿਕਾਰੀ ਨੇ ਖਾਲੜਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਕਿਸੇ ਖਾਸ ਫਿਰਕੇ ਲਈ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਹੈ।

ਉਨ੍ਹਾਂ ਨੂੰ ਦੁੱਖ ਹੋਇਆ ਹੈ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਲੋਕਾਂ ਦੀ ਸ਼ਿਕਾਇਤ 'ਤੇ ਨੋਟਿਸ ਭੇਜਿਆ ਹੈ ਜਿਨ੍ਹਾਂ ਧਿਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਦੁਸ਼ਮਣੀ ਕੱਢਣ ਲਈ ਸ੍ਰੀ ਦਰਬਾਰ ਸਾਹਿਬ ਉਪਰ ਟੈਂਕਾਂ ਨਾਲ ਹਮਲਾ ਕੀਤਾ ਸੀ। ਉਨ੍ਹਾਂ ਧਿਰਾਂ ਦੀ ਸ਼ਿਕਾਇਤ 'ਤੇ ਨੋਟਿਸ ਭੇਜਿਆ ਗਿਆ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਵਾਂਗ ਗੁਟਕਾ ਸਾਹਿਬ ਜੀ ਦੀ ਝੂਠੀ ਸਹੁੰ ਚੁੱਕ ਕੇ ਵੋਟਾਂ ਮੰਗਣ 'ਚ ਵਿਸ਼ਵਾਸ ਨਹੀਂ ਰੱਖਦੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਵਤਾਵਾਦੀ ਪਹੁੰਚ ਅਤੇ ਧਰਮ ਨਿਰਪੱਖਤਾ ਉਪਰ ਸਵਾਲ ਉਠਾਉਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ।
 


Anuradha

Content Editor

Related News