ਮਾਮਲਾ ਪੇਪਰ ਰੱਦ ਹੋਣ ਦਾ, C.B.S.E. ਬੋਰਡ ਦੀ ਗਲਤੀ ਕਾਰਨ ਵਿਦਿਆਰਥੀ ਹੋ ਰਹੇ ਹਨ ਪ੍ਰੇਸ਼ਾਨ
Thursday, Mar 29, 2018 - 04:00 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਹਾਲ ਹੀ 'ਚ ਸੀ.ਬੀ.ਐੱਸ.ਈ. ਬੋਰਡ ਵੱਲੋਂ 10ਵੀਂ ਜਮਾਤ ਦੇ ਹਿਸਾਬ ਅਤੇ 12ਵੀਂ ਜਮਾਤ ਦੇ ਅਰਥ ਸ਼ਾਸ਼ਤਰ ਦੇ ਪੇਪਰ ਲੀਕ ਹੋਣ ਕਾਰਣ ਬੋਰਡ ਨੇ ਇਹ ਪੇਪਰ ਦੁਬਾਰਾ ਲੈਣ ਦਾ ਫੁਰਮਾਨ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਬੋਰਡ ਵੱਲੋਂ 10ਵੀਂ ਜਮਾਤ ਦਾ ਹਿਸਾਬ ਦਾ ਪੇਪਰ 28 ਮਾਰਚ ਬੁੱਧਵਾਰ ਨੂੰ ਅਤੇ 12ਵੀਂ ਜਮਾਤ ਦਾ ਅਰਥ ਸ਼ਾਸ਼ਤਰ ਦਾ ਪੇਪਰ 26 ਮਾਰਚ ਸੋਮਵਾਰ ਨੂੰ ਲਿਆ ਗਿਆ ਸੀ ਪਰ ਪੇਪਰ ਲੀਕ ਹੋਣ ਦੀ ਚਰਚਾ ਕਾਰਣ ਬੋਰਡ ਨੇ ਇਹ ਪੇਪਰ ਰੱਦ ਕਰ ਦਿੱਤੇ। ਹੁਣ ਬੋਰਡ ਨੇ ਇਹ ਪੇਪਰ ਦੁਬਾਰਾ ਲੈਣ ਦੇ ਹੁਕਮ ਦਿੱਤੇ ਹਨ, ਜਿਸ ਕਾਰਨ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਵਿਚ ਹਫਰਾ ਤਫ਼ਰੀ ਵਾਲਾ ਮਾਹੌਲ ਬਣ ਗਿਆ ਹੈ। ਇਸ ਸਬੰਧ ਵਿਚ ਪੇਸ਼ ਹੈ ਸਾਡੇ ਇਸ ਪ੍ਰਤੀਨਿਧ ਵੱਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼ :
ਰੋਮਾ ਤੇਰੀਆ ਤੇ ਅਨਿਲ ਅਨੇਜਾ ਦੇ ਪਿਤਾ ਨੇ ਕਿਹਾ ਕਿ ਮੇਰੇ ਬੇਟੇ ਨੇ ਸਾਲ ਭਰ ਦੀ ਮਿਹਨਤ ਤੋਂ ਬਾਅਦ ਮੁਕੰਮਲ ਤਿਆਰੀ ਕਰਕੇ 10ਵੀਂ ਜਮਾਤ ਦਾ ਹਿਸਾਬ ਦਾ ਪੇਪਰ ਦਿੱਤਾ ਸੀ। ਉਸ ਦਾ ਇਹ ਪੇਪਰ ਬਹੁਤ ਵਧੀਆ ਹੋਇਆ ਸੀ ਪਰ ਹੁਣ ਇਹ ਪੇਪਰ ਦੁਬਾਰਾ ਲੈਣ ਦੇ ਹੁਕਮਾਂ ਕਰਕੇ ਮੇਰੇ ਬੇਟੇ ਵਿਚ ਪੇਪਰ ਦੇਣ ਦੀ ਚਿੰਤਾ ਮੁੜ ਪੈਦਾ ਹੋ ਗਈ ਹੈ। ਇਸ ਪ੍ਰਕਾਰ ਉਸ ਦੀ ਪਿਛਲੀ ਮਿਹਨਤ ਤੇ ਪਾਣੀ ਫਿਰ ਗਿਆ।
ਮੈਂ ਸੀ.ਬੀ.ਐਸ.ਈ. ਬੋਰਡ ਦੀ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ। 26 ਮਾਰਚ ਨੂੰ ਮੇਰਾ ਹਿਸਾਬ ਦਾ ਆਖਰੀ ਪੇਪਰ ਸੀ। ਮੈ ਸ਼ੁਕਰ ਮਨਾਇਆ ਸੀ ਕਿ ਮੇਰੇ ਪੇਪਰ ਖ਼ਤਮ ਹੋ ਗਏ ਅੱਜ ਮੈਂ ਆਪਣੇ ਮਾਤਾ ਪਿਤਾ ਨਾਲ ਆਉਟਿੰਗ ਦਾ ਸ਼ਡਿਊਲ ਵੀ ਫਾਈਨਲ ਕਰ ਚੁੱਕਾ ਸਾਂ ਪਰ ਜਿਵੇਂ ਹੀ ਮੈਨੂੰ ਪਤਾ ਲਗਾ ਕਿ ਪੇਪਰ ਲੀਕ ਮਾਮਲੇ ਵਿਚ ਬੋਰਡ ਨੇ ਇਹ ਪੇਪਰ ਦੁਬਾਰ ਲੈਣਾ ਹੈ ਤਾਂ ਮੈਨੂੰ ਬੇਹੱਦ ਨਿਰਾਸ਼ਾ ਹੋਈ। ਮੈਨੂੰ ਆਪਣਾ ਆਉਟਿੰਗ ਦਾ ਸ਼ਡਿਊਲ ਵੀ ਰੱਦ ਕਰਨਾ ਪੈ ਰਿਹਾ ਹੈ।
ਇਸ ਮੌਕੇ ਸੰਗੀਤਾ ਰਾਣੀ ਗਰੋਵਰ ਨੇ ਕਿਹਾ ਕਿ ਮੇਰੀ ਬੇਟੇ ਨੇ 12ਵੀਂ ਜਮਾਤ ਦਾ ਇਕਨਾਮਿਕਸ ਦਾ ਪੇਪਰ ਬੀਤੇ ਸੋਮਵਾਰ ਨੂੰ ਦਿੱਤਾ ਸੀ ਪਰ ਪੇਪਰ ਲੀਕ ਹੋਣ ਕਾਰਨ ਬੋਰਡ ਨੇ ਇਹ ਪੇਪਰ ਦੁਬਾਰਾ ਲੈਣ ਦਾ ਫੈਸਲਾ ਕੀਤਾ ਹੈ। ਮੇਰੀ ਬੇਟੇ ਨੇ ਸਖ਼ਤ ਮਿਹਨਤ ਕਰਕੇ ਇਹ ਪੇਪਰ ਦਿੱਤਾ ਸੀ ਪਰ ਹੁਣ ਫਿਰ ਤੋਂ ਪੇਪਰ ਦੇਣ ਲਈ ਉਸ ਨੂੰ ਮੁੜ ਪੇਪਰ ਦੀ ਤਿਆਰੀ ਕਰਨੀ ਪਵੇਗੀ ਜਿਸ ਨਾਲ ਉਸ ਦਾ ਸਮਾਂ ਤੇ ਊਰਜਾ ਫਿਰ ਨਸ਼ਟ ਹੋਵੇਗੀ।
ਇਸ ਮੌਕੇ ਵਿਦਿਆਰਥੀ ਕਬੀਰ ਗਰੋਵਰ ਅਤੇ ਉਤਕਰਸ਼ ਅਨੇਜਾ ਨੇ ਕਿਹਾ ਕਿ ਸਾਡਾ ਬਾਰਵੀਂ ਜਮਾਤ ਦਾ ਇਕਨਾਮਿਕਸ ਦਾ ਪੇਪਰ ਸੀ। ਪੇਪਰਾਂ ਦੇ ਦਿਨਾਂ ਵਿਚ ਵਿਦਿਆਰਥੀਆਂ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ ਹੁੰਦੀ। ਅਜੇ ਸਾਨੂੰ ਪੇਪਰ ਸਮਾਪਤ ਹੋਣ ਦੀ ਖੁਸ਼ੀ ਸੀ ਕਿ ਬੋਰਡ ਨੇ ਪੇਪਰ ਲੀਕ ਹੋਣ ਕਰਕੇ ਇਹ ਪੇਪਰ ਦੁਬਾਰਾ ਲੈਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਕਾਰਨ ਸਾਨੂੰ ਕਾਫੀ ਮਾਯੂਸੀ ਹੋ ਰਹੀ ਹੈ। ਮੁੜ ਪੇਪਰ ਦੇਣ ਦੀ ਤਿਆਰੀ ਦੀ ਚਿੰਤਾ ਸਾਨੂੰ ਵੱਢ ਵੱਢ ਖਾ ਰਹੀ ਹੈ।
ਇਸ ਦੇ ਨਾਲ ਹੀ ਇਕ ਸਿੱਖਿਆ ਸਾਹਿਰ ਦੀਪਕ ਕਮਰਾ ਨੇ ਕਿਹਾ ਕਿ ਸੀ.ਬੀ.ਐੱਸ.ਈ. ਵਰਗੇ ਬੋਰਡ ਦਾ ਪੇਪਰ ਲੀਕ ਹੋਣ ਦਾ ਮਾਮਲਾ ਕਾਫੀ ਗੰਭੀਰ ਮਾਮਲਾ ਹੈ। ਸਰਕਾਰ ਵੱਲੋਂ ਪੇਪਰ ਲੀਕ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤੇ ਸਿਰਫ਼ ਦੋਸ਼ੀਆਂ ਖਿਲਾਫ਼ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ। ਵਿਦਿਆਰਥੀ ਵਰਗ ਤੇ ਉਨ੍ਹਾਂ ਦੇ ਮਾਪਿਆਂ ਵਿਚ 10ਵੀਂ ਤੇ 12ਵੀਂ ਜਮਾਤ ਦੇ ਦੋਵੇਂ ਪੇਪਰ ਦੁਬਾਰਾ ਲੈਣ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮਾਮਲੇ ਤੇ ਵੀ ਬੋਰਡ ਵੱਲੋਂ ਸੰਜਮ ਵਰਤਿਆ ਜਾਣਾ ਬੇਹੱਦ ਜਰੂਰੀ ਹੈ ਤੇ ਸਮੁੱਚੇ ਵਿਦਿਆਰਥੀ ਵਰਗ ਨਾਲ ਇਨਸਾਫ਼ ਕਰਨਾ ਚਾਹੀਦਾ ਹੈ।