ਪੰਥਕ ਅਕਾਲੀ ਲਹਿਰ ਨੂੰ ਬਾਦਲਾਂ ਦੇ ਥਾਪੇ ਡੰਮੀ ਜਥੇਦਾਰਾਂ ਵਲੋਂ ਬਣਾਈ ਜਾਂਚ ਕਮੇਟੀ ਨਹੀਂ ਮਨਜ਼ੂਰ: ਭਾਈ ਰਣਜੀਤ ਸਿੰਘ
Friday, Jul 31, 2020 - 06:13 PM (IST)
ਅੰਮ੍ਰਿਤਸਰ (ਅਨਜਾਣ) : ਪੰਥਕ ਅਕਾਲੀ ਲਹਿਰ ਨੂੰ ਸ਼੍ਰੋਮਣੀ ਕਮੇਟੀ ਦੇ ਦੋਸ਼ੀ ਅਹੁਦੇਦਾਰਾਂ/ਉੱਚ ਅਧਿਕਾਰੀਆਂ ਜਾਂ ਬਾਦਲ ਪਰਿਵਾਰ ਵੱਲੋਂ ਥਾਪੇ ਡੰਮੀ ਜਥੇਦਾਰਾਂ ਵੱਲੋਂ ਬਣਾਈ ਕੋਈ ਵੀ ਜਾਂਚ ਕਮੇਟੀ ਮਨਜ਼ੂਰ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਸੰਜ਼ੀਦਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਵੱਡੇ ਪੱਧਰ 'ਤੇ ਕੀਤੀ ਬੇਅਦਬੀ ਦਾ ਫੋਰਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਜ਼ਾ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅਪੀਲ 'ਤੇ ਬਣਾਈ ਗਈ ਕਮੇਟੀ ਜਿਸ ਦੇ ਮੁਖੀ ਜਸਟਿਸ ਨਵਿਤਾ ਸਿੰਘ (ਰਿਟਾ.) ਵੱਲੋਂ ਬੀਤੇ ਦਿਨ ਇਨਕੁਆਰੀ ਕਰਨ 'ਤੇ ਅਸਮਰੱਥਾ ਜ਼ਾਹਿਰ ਕਰਕੇ ਅਸਤੀਫ਼ਾ ਦੇ ਦਿੱਤਾ ਸੀ। ਇਹ ਜਾਂਚ 17-5-2020 ਨੂੰ ਆਰੰਭ ਕਰਨ ਬਾਰੇ ਅਖਬਾਰਾਂ ਵਿਚ ਖ਼ਬਰਾਂ ਛਪੀਆਂ ਸਨ ਪਰ 15 ਦਿਨਾਂ ਬਾਅਦ ਮੁੱਖ ਜੱਜ ਵੱਲੋਂ ਅਸਤੀਫ਼ਾ ਦੇਣਾ ਇਹ ਸਾਬਤ ਕਰਦਾ ਹੈ ਕਿ ਸਭ ਕੁਝ ਠੀਕ ਨਹੀਂ ਹੈ। ਲੱਗਦਾ ਹੈ ਕਿ ਜਾਂਚ ਅਧਿਕਾਰੀਆਂ 'ਤੇ ਦਬਾਅ ਪਾਇਆ ਜਾ ਰਿਹਾ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਈਸ਼ਰ ਸਿੰਘ ਐਡਵੋਕੇਟ ਗਿਆਨੀ ਹਰਪ੍ਰੀਤ ਸਿੰਘ ਦਾ ਪੁਰਾਣਾ ਤੇ ਖਾਸ ਦੋਸਤ ਹੈ। ਇਸ ਦੀ ਨਿਯੁਕਤੀ ਇਸ ਗੁਨਾਹ ਦੇ ਮੁੱਖ ਦੋਸ਼ੀ ਬਾਦਲ ਪਰਿਵਾਰ ਨੂੰ ਬਚਾਉਣ ਲਈ ਕੀਤੀ ਗਈ ਹੈ। ਇਨ੍ਹਾਂ ਦੀ ਇਸ ਅਖੌਤੀ ਜਾਂਚ ਦੌਰਾਨ ਦੋਸ਼ੀ ਅਧਿਕਾਰੀਆਂ ਵੱਲੋਂ ਰਿਕਾਰਡ ਨਾਲ ਛੇੜ-ਛਾੜ ਕੀਤੀ ਗਈ ਅਤੇ ਸਬੂਤਾਂ ਨੂੰ ਖੁਰਦ-ਬੁਰਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ 125 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਰੱਖ ਦਿੱਤੇ ਪਰ ਇਸ ਸਬੰਧੀ ਸਬੂਤਾਂ ਨੂੰ ਭਾਈ ਈਸ਼ਰ ਸਿੰਘ ਨੇ ਜਾਣ ਬੁੱਝ ਕੇ ਨਜ਼ਰ-ਅੰਦਾਜ਼ ਕੀਤਾ। ਸਿੱਖ ਕੌਮ ਨੂੰ ਅਜਿਹੀ ਕਿਸੇ ਵੀ ਜਾਂਚ ਕਮੇਟੀ 'ਤੇ ਭਰੋਸਾ ਨਹੀਂ ਹੈ ਜੋ ਆਪਣੇ ਨਿੱਜੀ ਮੁਫ਼ਾਦਾਂ ਲਈ ਇਸ ਬੱਜਰ ਪਾਪ ਤੇ ਮਿੱਟੀ ਪਾਉਣਾ ਚਾਹੁੰਦੀ ਹੋਵੇ। ਉਨ੍ਹਾਂ ਕਿਹਾ ਇਹ ਵੀ ਸਾਬਤ ਹੋ ਚੁੱਕਾ ਹੈ ਕਿ 267 ਤੋਂ ਵੱਧ ਸਰੂਪ ਘੱਟ ਹਨ। ਰਿਕਾਰਡ ਮੁਤਾਬਕ ਸਾਜ਼ਿਸ਼ ਤਹਿਤ ਜੋੜਾਂ ਵਿਚ ਫਰਕ ਪਾਏ ਗਏ। ਉਨ੍ਹਾਂ ਕਿਹਾ ਕਿ ਬਾਦਲ ਦੇ ਖਾਸਮਖਾਸ ਸੀ. ਏ. ਐੱਸ. ਐੱਸ. ਕੋਹਲੀ ਵੱਲੋਂ ਜਾਣਬੁੱਝ ਕੇ ਝੂਠੀਆਂ ਅਤੇ ਜਾਅਲੀ ਆਡਿਟ ਰਿਪੋਰਟਾਂ ਦਿੱਤੀਆਂ ਗਈਆਂ ਤਾਂ ਜੋ ਬਾਦਲ ਦਾ ਗੁਨਾਹ ਸਾਹਮਣੇ ਨਾ ਆ ਸਕੇ।
ਚੀਫ਼ ਗੁਰਦੁਆਰਾ ਇੰਸਪੈਕਟਰ, ਫਲਾਇੰਗ ਵਿਭਾਗ ਅਤੇ ਹੋਰਨਾ ਦੀਆਂ ਇਨਕੁਆਰੀ ਰਿਪੋਰਟਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਉੱਚ ਅਧਿਕਾਰੀਆਂ ਨੂੰ 2016 'ਚ ਪਤਾ ਲੱਗ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਭੇਟਾ ਕਈ ਸਾਲਾਂ ਤੋਂ ਜਮਾਂ ਨਹੀਂ ਹੋ ਰਹੀ ਹੈ ਅਤੇ ਹੇਰਾ ਫੇਰੀ ਹੋਈ ਹੈ ਪਰ ਸਾਜ਼ਿਸ਼ ਤਹਿਤ ਨਾ ਤਾਂ ਇਹ ਰਿਪੋਰਟ ਜਨਤਕ ਕੀਤੀ ਅਤੇ ਨਾ ਹੀ ਸਿਆਸੀ ਦਬਾਅ ਕਾਰਣ ਦੋਸ਼ੀ ਅਧਿਕਾਰੀਆਂ ਨੂੰ ਬਦਲਿਆ ਗਿਆ ਅਤੇ ਅਗਲੇ 4 ਸਾਲਾਂ ਵਿਚ ਜੋ ਵਾਪਰਿਆ ਸਭ ਦੇ ਸਾਹਮਣੇ ਹੈ।