ਪੰਨੂੰ ਵੱਲੋਂ ਸਿੱਖੀ ਅਸੂਲਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦਾ ਜਥੇਦਾਰ ਸਾਹਿਬ ਨੋਟਿਸ ਲੈਣ: ਪ੍ਰੋ: ਸਰਚਾਂਦ
Tuesday, May 31, 2022 - 01:52 PM (IST)
 
            
            ਅੰਮ੍ਰਿਤਸਰ (ਬਿਊਰੋ) - ਅਮਰੀਕਾ ਤੋਂ ਸੰਚਾਲਿਤ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਬਾਕੀ ਦੇ ਨਾਮਵਰ ਪੰਜਾਬੀ ਗਾਇਕਾਂ ਨੂੰ ਗੰਨ ਪੁਆਇੰਟ ’ਤੇ ਮੌਤ ਦਾ ਡਰਾਵਾ ਦੇ ਕੇ ਧਮਕੀ ਦਿੱਤੀ ਗਈ। ਇਸ ਦੌਰਾਨ ਪੰਨੂੰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਸਵਾਰਥੀ ਰਾਜਸੀ ਏਜੰਡੇ ਲਈ ਅਰਦਾਸ ਕਰਨ ਲਈ ਮਜਬੂਰ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਨੂੰ ਦੀ ਇਸ ਹਰਕਤ ਨੂੰ ਸਿੱਖੀ ਅਸੂਲਾਂ ਨਾਲ ਖਿਲਵਾੜ ਗਰਦਾਨ ਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਨੂੰ ਵੱਲੋਂ ਸਿੱਖੀ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਠੱਲ੍ਹ ਪਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਜਥੇਦਾਰ ਸਾਹਿਬ ਨੂੰ ਲਿਖੇ ਗਏ ਇਕ ਪੱਤਰ ਵਿਚ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਰੋਜ਼ਾਨਾ ਕੇਸਾਂ ਦੀ ਬੇਅਦਬੀ ਕਰਨ ਵਾਲੇ ਪਤਿਤ ਸਿੱਖ ਤੇ ਐਸਐਫਜੇ ਦੇ ਆਗੂ ਪੰਨੂੰ ਵੱਲੋਂ ਮਰਯਾਦਾ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਕਲ ਨੂੰ ਪਿਰਤ ਬਣ ਜਾਣ ਇਸ ਤੋਂ ਪਹਿਲਾਂ ਸਮਾਂ ਰਹਿੰਦਿਆਂ ਉਸ ਦੀਆਂ ਇਨ੍ਹਾਂ ਹਰਕਤਾਂ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਉਸ ਨੇ ਕਿਹਾ ਕਿ ਅੱਜ ਦੀ ਅਜਿਹੀ ਗ਼ਮਗੀਨ ਸਥਿਤੀ ਵਿਚ ਵੀ ਪੰਨੂ ਦਾ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਘਿਣਾਉਣੀ ਸਿਆਸਤ ਕਰਦਿਆਂ ਲੋਕ ਮਨਾਂ ’ਚ ਖੌਫ ਪੈਦਾ ਕਰਨ ਵਾਲਾ ਇਕ ਬਿਆਨ ਸਾਹਮਣੇ ਆਇਆ ਹੈ। ਉਸ ਵੱਲੋਂ ਇਕ ਵੀਡੀਓ ਸੰਦੇਸ਼ ਰਾਹੀਂ ਪੰਜਾਬੀ ਗਾਇਕਾਂ ਨੂੰ ਧਮਕੀ ਦਿੰਦਿਆਂ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸਿਆਸੀ ਏਜੰਡੇ ਲਈ ਅਰਦਾਸ ਕਰਨ ਦਾ ਹੁਕਮ ਚਾੜ੍ਹਿਆ ਗਿਆ।
ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਤਰਾਂ ਅੰਜਾਮ ਭੁਗਤਣ ਲਈ ਤਿਆਰ ਰਹਿਣ ਲਈ ਕਹਿਣ ਵਾਲੇ ਪੰਨੂੰ ਨੂੰ ਆੜੇ ਹੱਥੀ ਲੈਂਦਿਆਂ ਪ੍ਰੋ: ਖਿਆਲਾ ਨੇ ਕਿਹਾ ਕਿ ਆਪਣੇ ਆਪ ਨੂੰ ਗੁਰਮਤਿ ਦਾ ਪਾਂਧੀ ਦੱਸਣ ਵਾਲਾ ਪੰਨੂੰ, ਅਸਲ ਵਿਚ ਗੁਰਮਤਿ ਸਿਧਾਂਤ, ਵਿਚਾਰਧਾਰਾ ਅਤੇ ਵਿਰਾਸਤ ਪ੍ਰਤੀ ਪੂਰੀ ਤਰਾਂ ਕੋਰਾ ਹੈ। ਉਨ੍ਹਾਂ ਕਿਹਾ ਕਿ ਜੂਨ ਦਾ ਪਹਿਲਾਂ ਸ਼ਹੀਦੀ ਹਫ਼ਤਾ ਸਿੱਖ ਕੌਮ ਲਈ ਵੈਰਾਗਮਈ ਦਿਹਾੜੇ ਹੋਣ ਕਾਰਨ ਹਰ ਗੁਰਸਿੱਖ ਦੀ ਅੱਖ ਨਮ ਹੁੰਦੀ ਹੈ। ਸ੍ਰੀਮਤੀ ਇੰਦਰਾ ਗਾਂਧੀ ਦੀ ਗ਼ਲਤ ਨੀਤੀਆਂ ਸਦਕਾ ਸ੍ਰੀ ਦਰਬਾਰ ਸਾਹਿਬ ’ਤੇ ਚਾੜ੍ਹੀਆਂ ਗਈਆਂ ਤੋਪਾਂ ਟੈਂਕਾਂ ਦੇ ਹਮਲੇ ਨਾਲ ਪੈਦਾ ਹੋਈ ਸਥਿਤੀ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਨੂੰ ਕਾਇਮ ਰੱਖਣ ਲਈ ਭਿੰਡਰਾਂਵਾਲਿਆਂ ਦੀ ਅਗਵਾਈ ’ਚ ਸ਼ਹੀਦੀਆਂ ਪਾਉਣ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਹਰ ਸਾਲ ਸਮੁੱਚੀ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਿਸ ਸ਼ਾਂਤਮਈ ਤਰੀਕੇ ਨਾਲ ਦਿਹਾੜਾ ਮਨਾਏ ਜਾਣ ਵਰਗਾ ਦੁਨੀਆ 'ਚ ਹੋਰ ਕੋਈ ਮਿਸਾਲ ਨਹੀਂ ਮਿਲਦੀ।
ਭਾਜਪਾ ਦੇ ਸਿੱਖ ਆਗੂ ਨੇ ਕਿਹਾ ਕਿ ਪੰਨੂੰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਧਮਕੀਆਂ ਦੇਣੀਆਂ ਕੋਈ ਨਵੀਂ ਗਲ ਨਹੀਂ ਹੈ। ਕਿਸੇ ਨੂੰ ਵੀ ਸਵੈ ਇੱਛਾ ਵਿਰੁੱਧ ਜਾਂ ਗੰਨ ਪੁਆਇੰਟ ’ਤੇ ਮੌਤ ਦਾ ਡਰਾਵਾ ਦੇ ਕੇ ਧੱਕੇ ਨਾਲ ਆਪਣੇ ਸਵਾਰਥ ਦੀ ਪੂਰਤੀ ਲਈ ਅਰਦਾਸ ਕਰਨ ਲਈ ਮਜਬੂਰ ਕਰਨਾ ਸਿੱਖੀ ਸਿਧਾਂਤਾਂ ਅਤੇ ਮਰਯਾਦਾ ਦੀ ਉਲੰਘਣਾ ਹੈ। ਇਸ ਔਰੰਗਜੇਬੀ ਫ਼ਰਮਾਨ ਲਈ ਉਸ ਸਿੱਖੀ ’ਚ ਕੋਈ ਥਾਂ ਨਹੀਂ, ਜਿਸ ਦੀ ਸਿਰਜਣਾ ਧਰਮ ਅਤੇ ਮਜਲੂਮਾਂ ਦੀ ਰੱਖਿਆ ਲਈ ਕੀਤੀ ਗਈ ਹੋਵੇ। ਪੰਨੂੰ ਜਾਂ ਤਾਂ ਸਿੱਖ ਧਰਮ ਵਿਚ ਅਰਦਾਸ ਦੀ ਵੱਡੀ ਮਹਾਨਤਾ ਤੋਂ ਅਣਜਾਣ ਹੈ ਜਾਂ ਫਿਰ ਜਾਣ ਬੁਝ ਕੇ ਸਿੱਖੀ ਅਸੂਲਾਂ ਨਾਲ ਖਿਲਵਾੜ ਕਰ ਰਿਹਾ ਹੈ। ਸਿੱਖ ਆਪਣੀ ਅਰਦਾਸ ਵਿਚ ਇਕ ਮਨ ਇਕ ਚਿੱਤ ਹੋ ਕੇ ਬੜੀ ਫ਼ਰਾਖ਼-ਦਿਲੀ ਨਾਲ ਸਰਬੱਤ ਦਾ ਭਲਾ ਮੰਗਦਾ ਹੈ। ਕਿਸੇ ਵੀ ਗੁਰਸਿੱਖ ਲਈ ਅਰਦਾਸ ਆਮ ਰਸਮ ਜਾਂ ਉਪਚਾਰਕਤਾ ਨਹੀਂ, ਇਹ ਇਕਾਗਰ ਚਿੱਤ ਦੀ ਹੂਕ ਹੈ, ਅਰਜੋਈ ਹੈ, ਇਕ ਸਹਿਜ ਦੀ ਅਵਸਥਾ ਇਕ ਸੂਖਮ ਪਵਿੱਤਰ ਕਰਮ ਹੈ।
ਉਨ੍ਹਾਂ ਕਿਹਾ ਕਿ ਇਕ ਅਕਾਲ ਪੁਰਖ ਅਤੇ ਦਸ ਗੁਰੂ ਸਾਹਿਬਾਨ ਅੱਗੇ ਜੋਦੜੀ ਕਰਨ ਤੋਂ ਇਲਾਵਾ ਉਨ੍ਹਾਂ ਧਰਮੀ ਪੁਰਖਾਂ ਸ਼ਹੀਦਾਂ ਮੁਰੀਦਾਂ ਨੂੰ ਸਿੱਜਦਾ ਕਰਦੇ ਹਨ, ਜਿਨ੍ਹਾਂ ਨੇ ਅਤੀਤ ਅਤੇ ਵਰਤਮਾਨ ਸਮੇਂ ਧਰਮ ਖ਼ਾਤਰ ਕੁਰਬਾਨੀਆਂ ਕੀਤੀਆਂ ਹਨ। ਜਿੱਥੇ ਦੁਨਿਆਵੀ ਮਨੋਰਥਾਂ ਦੀ ਪ੍ਰਾਪਤੀ ਲਈ ਅਰਦਾਸ ਕਰਨ ਨੂੰ ਮਹਾਨ ਤੇ ਉੱਤਮ ਆਦਰਸ਼ਾਂ ਦੀ ਅਣਦੇਖੀ ਸਮਝੀ ਜਾਂਦੀ ਹੋਵੇ, ਉੱਥੇ ਸਿੱਖੀ ’ਚ ਜਬਰੀ ਅਰਦਾਸ ਕਿਵੇਂ ਪ੍ਰਸੰਗਿਕ ਹੋ ਸਕਦਾ ਹੈ? ਹੋਰਨਾਂ ਗਾਇਕਾਂ ਨੂੰ ਮੌਤ ਦਾ ਡਰਾਵਾ ਦੇ ਕੇ ਖੌਫਜਾਦਾ ਕੀਤਾ ਜਾਣਾ ਸਿੱਖੀ ਅਸੂਲ ਦੇ ਵਿਪਰੀਤ ਹੈ। ਜਾਰੀ ਬਿਆਨ ’ਚ ਉਨ੍ਹਾਂ ਕਿਹਾ ਕਿ ਪੰਨੂੰ ਦੀ ਸਿੱਖ ਫਾਰ ਜਸਟਿਸ ਵੱਲੋਂ ਜਿੰਨੇ ਰੈਫਰੈਡਮ ਕੀਤੇ ਗਏ ਹਨ, ਉਹ ਫਲਾਪ ਰਹੇ ਹਨ। ਇਸ ਵੱਲੋਂ ਹਿਮਾਚਲ ਤੋਂ ਇਲਾਵਾ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਭਾਰਤੀ ਸੰਸਦ ਭਵਨ ਅਤੇ ਗਣਤੰਤਰ ’ਤੇ ਲਾਲ ਕਿਲ੍ਹੇ ਉੱਤੇ ਝੰਡਾ ਲਹਿਰਾਉਣ ਲਈ ਉਕਸਾਉਂਦਿਆਂ ਅਜਿਹਾ ਕਰਨ ਵਾਲੇ ਨੂੰ ਲੱਖਾਂ ਦੇ ਅਮਰੀਕੀ ਡਾਲਰ ਇਨਾਮ ਦੇਣ ਦੀ ਘੋਸ਼ਣਾ ਵੀ ਕਿਸੇ ਕੰਮ ਨਹੀਂ ਆਇਆ। ਉਸ ਨੇ ਕਿਹਾ ਕਿ ਪੰਨੂੰ ਵੱਲੋਂ ਪਾਕਿਸਤਾਨ ਦੀ ਇੱਛਾ ਮੁਤਾਬਿਕ ਸਿੱਖ ਨੌਜਵਾਨੀ ਨੂੰ ਗੁਮਰਾਹ ਕਰਦਿਆਂ ਪੰਜਾਬ ਵਿਚ ਅਸ਼ਾਂਤੀ ਪੈਦਾ ਕਰਨ ਦੀ ਸਿਆਸੀ ਇੱਛਾ ਕਦੀ ਪੂਰੀ ਨਹੀਂ ਹੋਵੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            