ਪੰਜੂਕਲਾਲ ਗੋਲੀ ਕਾਂਡ : ਪੁਲਸ ਅਧਿਕਾਰੀਆਂ ਨੂੰ ਕਮਿਸ਼ਨ ਸਾਹਮਣੇ ਰਿਪੋਰਟ ਪੇਸ਼ ਕਰਨ ਦੇ ਹੁਕਮ

Friday, Aug 02, 2019 - 11:16 PM (IST)

ਪੰਜੂਕਲਾਲ ਗੋਲੀ ਕਾਂਡ : ਪੁਲਸ ਅਧਿਕਾਰੀਆਂ ਨੂੰ ਕਮਿਸ਼ਨ ਸਾਹਮਣੇ ਰਿਪੋਰਟ ਪੇਸ਼ ਕਰਨ ਦੇ ਹੁਕਮ

ਭਿੰਡੀ ਸੈਦਾਂ,(ਗੁਰਜੰਟ) : ਅੰਮ੍ਰਿਤਸਰ ਦਿਹਾਂਤੀ ਦੇ ਪੁਲਸ ਥਾਣਾ ਭਿੰਡੀ ਸੈਦਾਂ ਅਧੀਨ ਪੈਦੇ ਪਿੰਡ ਪੰਜੂਕਲਾਲ ਵਿਖੇ ਬੀਤੀ 14 ਜੁਲਾਈ ਨੂੰ ਕੁਝ ਵਿਅਕਤੀਆਂ ਵੱਲੋਂ ਦਲਿਤ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਇਸ ਸਬੰਧੀ ਪੀੜਤ ਪਰਿਵਾਰ ਵੱਲੋ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਇਸ ਸਬੰਧੀ ਦਿੱਤੀ ਸ਼ਿਕਾਇਤ ਤੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਅਤੇ ਸ੍ਰੀਮਤੀ ਪਰਮਜੀਤ ਕੌਰ ਵੱਲੋਂ ਪੀੜਤ ਪਰਿਵਾਰ ਦੇ ਘਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਤੇ ਮੈਡਮ ਪ੍ਰਮਜੀਤ ਕੌਰ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈਦਿਆ ਮੌਕੇ ਤੇ ਹਾਜ਼ਰ ਡੀ.ਐਸ.ਪੀ ਗੁਰਪ੍ਰਤਾਪ ਸਿੰਘ ਸੋਹਤਾ, ਐਸ.ਐਚ.ਓ ਯਾਦਵਿੰਦਰ ਸਿੰਘ ਭਿੰਡੀ ਸੈਦਾਂ ਹਦਾਇਤ ਕੀਤੀ ਕਿ ਦੋਸ਼ੀਆਂ ਦੇ ਹਥਿਆਰਾਂ ਦਾ ਲਾਇਸੈਂਸ ਰੱਦ ਕੀਤੇ ਜਾਣ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਐਸ:ਸੀ ਐਕਟ ਤਹਿਤ ਮੁਕੱਦਮਾ ਵੀ ਦਰਜ ਕੀਤਾ ਜਾਵੇ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ 6 ਅਗਸਤ ਤੱਕ ਨਿੱਜੀ ਤੌਰ ਤੇ ਪੇਸ਼ ਹੋ ਕੇ ਕਮਿਸ਼ਨ ਨੂੰ ਆਪਣੀ ਰਿਪੋਰਟ ਪੇਸ਼ ਕਰਨ। ਇਸ ਮੌਕੇ ਨੈਬ ਤਹਿਸੀਲਦਾਰ ਜਗਸੀਰ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਇਕ ਮੈਡੀਕਲ ਬੋਰਡ ਦਾ ਗਠਨ ਵੀ ਕੀਤਾ ਜਾਵੇ ਜੋ ਪੀੜਤ ਪਰਿਵਾਰਾਂ ਦੀ ਮੈਡੀਕਲ ਜਾਂਚ ਕਰਕੇ ਆਪਣੀ ਰਿਪੋਰਟ ਪੇਸ਼ ਕਰੇ। ਕਮਿਸ਼ਨ ਦੇ ਮੈਂਬਰਾਂ ਵੱਲੋਂ ਘਟਨਾ ਸਥਾਨ ਦਾ ਵੀ ਦੌਰਾ ਕੀਤਾ ਗਿਆ ਅਤੇ ਗੋਲੀਆਂ ਦੇ ਨਿਸ਼ਾਨ ਵੀ ਦੇਖੇ ਗਏ।

ਸ੍ਰੀ ਹੰਸ ਨੇ ਇਸ ਮੌਕੇ ਪਿੰਡ ਵਾਸੀਆਂ ਦੀਆਂ ਹੋਰ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਮੌਕੇ ਤੇ ਹੀ ਉਸ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਦੁਬਾਰਾ ਫਿਰ ਇਸ ਪਿੰਡ ਦਾ ਦੌਰਾ ਕੀਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਬਾਰੇ ਰਿਪੋਰਟ ਵੀ ਲਈ ਜਾਵੇਗੀ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪੀੜਤ ਪਰਿਵਾਰ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਦੂਜੀ ਧਿਰ ਵੱਲੋਂ ਵੀ ਕਮਿਸ਼ਨ ਸਾਹਮਣੇ ਆਪਣਾ ਪੱਖ ਰੱਖਿਆ ਗਿਆ ਜਿਸ ਤੇ ਸ੍ਰੀ ਹੰਸ ਨੇ ਕਿਹਾ ਕਿ ਕਿਸੇ ਦੇ ਵੀ ਖਿਲਾਫ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਘੁੰਮਣ ਜਿਲ੍ਹਾ ਭਲਾਈ ਅਫਸਰ, ਨਛੱਤਰ ਨਾਥ ਸ਼ੇਰਗਿੱਲ ਚੇਅਰਮੈਨ ਸ੍ਰੀ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ, ਹਰਬਰਿੰਦਰ ਕੌਰ ਉਸਮਾ, ਸਤਨਾਮ ਸਿੰਘ ਗਿੱਲ ਪ੍ਰਧਾਨ ਘੱਟ ਗਿਣਤੀ ਲੋਕ ਭਲਾਈ ਸੰਸਥਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।


Related News