ਪੰਚਾਇਤਾਂ ਪਿੰਡਾਂ ''ਚ ਗ੍ਰਾਮ ਸਭਾਵਾਂ ਬੁਲਾ ਕੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਮਤੇ ਪਾਉਣ : ਚੀਮਾ
Sunday, Oct 18, 2020 - 02:00 AM (IST)
ਗੜ੍ਹਦੀਵਾਲਾ,(ਭੱਟੀ)- 'ਆਪ' ਵੱਲੋਂ ਸ਼ੁਰੂ ਕੀਤੀ ਮੁਹਿੰਮ 'ਗ੍ਰਾਮ ਸਭਾ ਬੁਲਾਓ, ਕਿਸਾਨ ਤੇ ਪੰਜਾਬ ਬਚਾਓ' ਤਹਿਤ ਪਿੰਡ ਚੋਹਕਾ ਵਿਖੇ ਸੰਬੋਧਨ ਕਰਦਿਆਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਰੋਧੀ ਸੂਬਾ ਤੇ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਤੋੜਨ ਦੀ ਹਰ ਸੰਭਵ ਤੇ ਨਾਕਾਮ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣਾ ਲਈ ਸਾਡੇ ਕੋਲ ਸੰਵਿਧਾਨਕ ਹਥਿਆਰ ਹੈ, ਜੋ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਬਣਾ ਸਕਦਾ ਹੈ। ਪਿੰਡ ਚੋਹਕਾ ਦੀ ਗ੍ਰਾਮ ਸਭਾ ਵਿਚ ਪਹੁੰਚੇ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੇਂਦਰ ਵੱਲੋਂ ਕੀਤੀ ਮੀਟਿੰਗ ਬੇਸਿੱਟਾ ਰਹੀ। ਜਿਸ ਤੋਂ ਸਿੱਧ ਹੋ ਗਿਆ ਹੈ ਕਿ ਕੇਂਦਰ ਸਰਕਾਰ ਧੱਕੇ ਨਾਲ ਫੈਸਲੇ ਲਾਗੂ ਕਰਨਾ ਚਹੁੰਂਦੀ ਹੈ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀ। ਕੇਂਦਰ ਸਰਕਾਰ ਨੇ ਅਜਿਹਾ ਕਰਕੇ ਕਿਸਾਨਾਂ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ 'ਚ ਗ੍ਰਾਮ ਸਭਾ ਬੁਲਾ ਕੇ ਬਿੱਲਾਂ ਖਿਲਾਫ਼ ਸਰਬਸੰਮਤੀ ਨਾਲ ਪਵਾਏ ਮਤਿਆਂ ਕਰਕੇ ਕੇਂਦਰ ਸਰਕਾਰ ਨੂੰ ਇਸ ਨਿਰਾਦਰ ਦਾ ਖਮਿਆਜਾ ਆਉਣ ਵਾਲੇ ਦਿਨਾਂ 'ਚ ਭੁਗਤਣਾ ਪਵੇਗਾ। ਇਸ ਦੌਰਾਨ ਪਿੰਡ ਚੋਹਕਾ ਦੀ ਪੰਚਾਇਤ ਕੋਲੋਂ ਸਰਬ ਸੰਮਤੀ ਨਾਲ ਮਤਾ ਪਵਾਇਆ ਗਿਆ। ਉਨ੍ਹਾਂ ਸਮੁੱਚੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਪਿੰਡਾਂ ਵਿਚ ਗ੍ਰਾਮ ਸਭਾਵਾਂ ਬੁਲਾ ਕੇ ਤਿੰਨੋ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਮਤੇ ਪਾਉਣ।
ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਜਲਾਸ ਬੁਲਾਉਣ ਤੋਂ ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਸਿਆਸੀ ਪਾਰਟੀਆਂ, ਖੇਤੀ ਮਾਹਿਰਾਂ ਤੇ ਸਾਰੇ ਖੇਤੀ ਨਾਲ ਸਬੰਧਤ ਵਪਾਰੀਆਂ ਨਾਲ ਬੈਠਕ ਕੀਤੀ ਜਾਵੇ। ਇਸ ਕਾਲੇ ਕਾਨੂੰਨ ਦਾ ਕਿਸ ਤਰ੍ਹਾਂ ਵਿਰੋਧ ਕਰਨਾ ਹੈ, ਇਸ 'ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਜਾਵੇ। ਇਸ ਮੌਕੇ ਗੁਰਵਿੰਦਰ ਪਾਵਲਾ, ਪ੍ਰੋ. ਜੀ. ਐੱਸ. ਮੁਲਤਾਨੀ, ਸੀਨੀਅਰ ਆਗੂ ਜਸਵੀਰ ਸਿੰਘ ਰਾਜਾ, ਸੀਨੀਅਰ ਆਗੂ ਹਰਮੀਤ ਸਿੰਘ ਔਲਖ, ਕੇਸ਼ਵ ਸੈਣੀ, ਆਗੂ ਕੁਲਦੀਪ ਮਿੰਟੂ, ਮਾਸਟਰ ਰਸ਼ਪਾਲ ਸਿੰਘ, ਹਰਭਜਨ ਢੱਟ, ਸਵਤੰਤਰ ਬੰਟੀ, ਜਰਨੈਲ ਸੋਨੀ, ਸਰਪੰਚ ਜੁਗਿੰਦਰ ਸਿੰਘ ਚੋਹਕਾ, ਹਰਪ੍ਰੀਤ ਸਿੰਘ ਸ਼ਾਹੀ, ਚੇਅਰਮੈਨ ਜਸਪਾਲ ਸਿੰਘ, ਪ੍ਰਿੰਸ ਆਦਿ ਸਮੇਤ ਭਾਰੀ ਗਿਣਤੀ ਵਿਚ 'ਆਪ' ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।