ਪੰਚਾਇਤ ਅਫਸਰਾਂ ਦਾ ਅੰਦੋਲਨ ਪੂਰੇ ਸੂਬੇ 'ਚ ਫੈਲਿਆ, ਗੱਲਬਾਤ ਰਹੀ ਬੇਨਤੀਜਾ

Friday, Aug 02, 2019 - 10:55 AM (IST)

ਪੰਚਾਇਤ ਅਫਸਰਾਂ ਦਾ ਅੰਦੋਲਨ ਪੂਰੇ ਸੂਬੇ 'ਚ ਫੈਲਿਆ, ਗੱਲਬਾਤ ਰਹੀ ਬੇਨਤੀਜਾ

ਚੰਡੀਗੜ੍ਹ (ਭੁੱਲਰ) : ਜ਼ਿਲਾ ਮਾਨਸਾ ਦੇ ਏ. ਡੀ. ਸੀ. ਗੁਰਮੀਤ ਸਿੰਘ ਨੂੰ ਕਾਂਗਰਸੀਆਂ ਵੱਲੋਂ ਡੇਢ ਘੰਟੇ ਤੱਕ ਬੰਦੀ ਬਣਾਏ ਜਾਣ ਦੇ ਵਿਰੋਧ 'ਚ ਪੰਜਾਬ ਦੇ ਪੰਚਾਇਤ ਅਫਸਰਾਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਹੁਣ ਪੰਜਾਬ ਭਰ 'ਚ ਫੈਲ ਚੁੱਕਾ ਹੈ। ਇਸ ਨਾਲ ਵਿਭਾਗ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ ਹੈ। ਇਸ ਮਾਮਲੇ ਦੇ ਸਬੰਧ 'ਚ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਵੀ ਪੰਚਾਇਤ ਅਫਸਰ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ ਗਈ, ਜੋ ਕਿ ਬੇਨਤੀਜਾ ਰਹੀ ਹੈ। ਪੰਚਾਇਤ ਅਫਸਰ ਮੰਗ ਕਰ ਰਹੇ ਹਨ ਕਿ ਮਾਨਸਾ ਦੇ ਜ਼ਿਲਾ ਕਾਂਗਰਸ ਪ੍ਰਧਾਨ ਸਮੇਤ ਏ. ਡੀ. ਸੀ. ਨੂੰ ਬੰਦੀ ਬਣਾਉਣ ਦੇ ਮਾਮਲੇ 'ਚ ਸ਼ਾਮਲ ਹੋਰਨਾਂ ਕਾਂਗਰਸੀ ਆਗੂਆਂ ਖ਼ਿਲਾਫ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ।

ਪੰਚਾਇਤ ਅਫਸਰ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਪੰਜਾਬ ਭਰ 'ਚ ਬਲਾਕ ਪੱਧਰ 'ਤੇ ਰੋਸ ਧਰਨੇ ਦਿੱਤੇ ਗਏ ਅਤੇ ਕੱਲ ਜ਼ਿਲਾ ਪੱਧਰੀ ਧਰਨਿਆਂ ਤੋਂ ਬਾਅਦ ਮਾਨਸਾ 'ਚ ਰਾਜ ਪੱਧਰੀ ਧਰਨੇ ਦਾ ਪ੍ਰੋਗਰਾਮ ਹੈ। ਮਾਮਲਾ ਇਸ ਕਰਕੇ ਉਲਝਿਆ ਹੈ ਕਿਉਂਕਿ ਇਸ 'ਚ ਕਈ ਪ੍ਰਮੁੱਖ ਕਾਂਗਰਸੀ ਆਗੂ ਸ਼ਾਮਲ ਹਨ ਜਿਨ੍ਹਾਂ ਖਿਲਾਫ਼ ਪੁਲਸ ਵੱਲੋਂ ਕੇਸ ਦਰਜ ਕਰਨਾ ਕੋਈ ਸੌਖਾ ਕੰਮ ਨਹੀਂ। ਇਹ ਵੀ ਜ਼ਿਕਰਯੋਗ ਹੈ ਕਿ 'ਆਪ' ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਜ਼ਿਲਾ ਮਾਨਸਾ ਦੀ ਅਫ਼ਸਰਸ਼ਾਹੀ ਉਨ੍ਹਾਂ ਦੀ ਜ਼ਿਆਦਾ ਸੁਣਵਾਈ ਕਰ ਰਹੀ ਹੈ, ਜਿਸ ਕਾਰਨ ਕਾਂਗਰਸ ਦੇ ਪੁਰਾਣੇ ਆਗੂ ਔਖੇ ਹਨ। ਇਸੇ ਸਥਿਤੀ ਕਾਰਨ ਕਾਂਗਰਸੀਆਂ ਵੱਲੋਂ ਏ. ਡੀ. ਸੀ. ਦੇ ਘਿਰਾਓ ਦੀ ਸਥਿਤੀ ਪੈਦਾ ਹੋਈ ਸੀ।


author

Babita

Content Editor

Related News