ਇੱਥੇ ਕਦੀ ਨਹੀਂ ਹੋਈ ਸਰਪੰਚੀ ਲਈ ਵੋਟਿੰਗ, ਪਿੰਡ ਵਾਸੀ ਮਿਲ ਕੇ ਕਰਦੇ ਨੇ ਸਾਰੇ ਕੰਮ

Monday, Oct 14, 2024 - 02:23 PM (IST)

ਇੱਥੇ ਕਦੀ ਨਹੀਂ ਹੋਈ ਸਰਪੰਚੀ ਲਈ ਵੋਟਿੰਗ, ਪਿੰਡ ਵਾਸੀ ਮਿਲ ਕੇ ਕਰਦੇ ਨੇ ਸਾਰੇ ਕੰਮ

ਪਟਿਆਲਾ: ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਮੈਦਾਨ ਪੂਰੀ ਤਰ੍ਹਾਂ ਤਿਆਰ ਹੈ ਤੇ ਭਲਕੇ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਜਾ ਰਹੇ ਹਨ। ਪਿੰਡਾਂ ਵਿਚ ਵੋਟਾਂ ਨੂੰ ਲੈ ਕੇ ਸਿਆਸਤ ਵੀ ਗਰਮਾਈ ਹੋਈ ਹੈ ਤੇ ਉਮੀਦਵਾਰ ਜਿੱਤ ਲਈ ਆਪੋ-ਆਪਣੀ ਵਾਹ ਲਗਾ ਰਹੇ ਹਨ। ਪਰ ਪੰਜਾਬ ਦੇ ਕੁਝ ਪਿੰਡ ਅਜਿਹੇ ਵੀ ਹਨ, ਜਿੱਥੇ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰ ਲਈ ਗਈ ਹੈ। ਉੱਥੇ ਹੀ ਸੂਬੇ ਅੰਦਰ ਕਈ ਪੰਚਾਇਤਾਂ ਵਿਚ ਤਾਂ ਕਈ-ਕਈ ਸਾਲਾਂ ਤੋਂ ਵੋਟਾਂ ਕਰਵਾਉਣ ਦੀ ਲੋੜ ਹੀ ਨਹੀਂ ਪਈ, ਸਗੋਂ ਪਿੰਡ ਵਾਲਿਆਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਚੁਣ ਲਈ ਜਾਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਅੱਜ ਪੰਚਾਇਤੀ ਚੋਣਾਂ ਬਾਰੇ ਆ ਸਕਦੈ ਅਹਿਮ ਫ਼ੈਸਲਾ! 700 ਪਟੀਸ਼ਨਾਂ 'ਤੇ ਹੋਵੇਗੀ ਸੁਣਵਾਈ

ਅੱਜ ਅਸੀਂ ਤੁਹਾਡੇ ਨਾਲ ਅਜਿਹੇ ਹੀ 3 ਪਿੰਡਾਂ ਦੀ ਜਾਣਕਾਰੀ ਸਾਂਝੀ ਕਰਾਂਗੇ, ਜਿੱਥੇ ਆਜ਼ਾਦੀ ਮਗਰੋਂ ਕਦੇ ਪੰਚਾਇਤੀ ਚੋਣ ਹੀ ਨਹੀਂ ਹੋਈ। ਇਹ ਪਿੰਡ ਬਾਕੀਆਂ ਦੇ ਲਈ ਵੀ ਮਿਸਾਲ ਬਣੇ ਹੋਏ ਹਨ। ਇਨ੍ਹਾਂ ਪਿੰਡਾਂ ਵਿਚ ਨਾ ਸਿਰਫ਼ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਹੈ, ਸਗੋਂ ਪਿੰਡ ਦੇ ਵਿਕਾਸ ਲਈ ਵੀ ਰਲ਼-ਮਿਲ ਕੇ ਉਪਰਾਲੇ ਕੀਤੇ ਜਾਂਦੇ ਹਨ। ਉੱਥੇ ਹੀ ਕੋਈ ਲੜਾਈ-ਝਗੜਾ ਜਾਂ ਹੋਰ ਮਸਲਾ ਹੋਣ 'ਤੇ ਥਾਣਿਆਂ ਵੱਲ ਦੌੜਣ ਦੀ ਬਜਾਏ ਲੋਕ ਪਿੰਡ ਦੇ ਬਜ਼ੁਰਗਾਂ ਕੋਲ ਮਸਲਾ ਲੈ ਜਾਂਦੇ ਹਨ ਤੇ ਉਹ ਆਪਣੀ ਸਿਆਣਪ ਨਾਲ ਮਸਲਾ ਹੱਲ ਕਰ ਦਿੰਦੇ ਹਨ। 

ਨਵਾਂਸ਼ਹਿਰ ਦੇ ਪਿੰਡ ਗੋਲੂਮਾਜਰਾ ਅਤੇ ਹੁਸ਼ਿਆਰਪੁਰ ਦੇ ਪਿੰਡ ਖੇੜਾ ਕੋਟਲੀ ਵਿਚ ਗ੍ਰਾਮ ਪੰਚਾਇਤ ਐਕਟ 1952 ਤੋਂ ਲੈ ਕੇ ਅੱਜ ਵੋਟਿੰਗ ਨਹੀਂ ਹੋਈ। ਇਸੇ ਤਰ੍ਹਾਂ ਪਟਿਆਲਾ ਦੇ ਪਿੰਡ ਉਲਟਪੁਰ ਵਿਚ ਪੰਚਾਇਤੀ ਰਾਜ 1959 ਲਾਗੂ ਹੋਣ ਤੋਂ ਲੈ ਕੇ ਹੁਣ ਤਕ ਵੋਟਿੰਗ ਨਹੀਂ ਹੋਈ। ਪਿੰਡ ਦੇ ਬਜ਼ੁਰਗ ਅਤੇ ਨੌਜਵਾਨ ਰਲ਼ ਕੇ ਸਰਬਸੰਮਤੀ ਨਾਲ ਸਰਪੰਚ ਚੁਣਦੇ ਹਨ। ਇਸ ਦਾ ਅਸਰ ਇਹ ਰਿਹਾ ਹੈ ਕਿ ਪਿੰਡ ਵਿਚ ਲੜਾਈਆਂ-ਝਗੜੇ ਨਹੀਂ ਹੁੰਦੇ ਤੇ ਲੋਕ ਰਲ਼-ਮਿੱਕ ਕੇ ਰਹਿੰਦੇ ਹਨ। ਪਿੰਡ ਵਿਚ ਭਾਈਚਾਰਕ ਸਾਂਝ ਕਾਇਮ ਹੈ। 

ਇਸ ਸਬੰਧੀ ਗੱਲਬਾਤ ਕਰਦਿਆਂ ਪਟਿਆਲਾ ਦੇ ਪਿੰਡ ਉਲਟਪੁਰ ਦੇ ਸਰਪੰਚ ਸਿਮਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਕਾਫ਼ੀ ਸਿਆਸਤ ਹੁੰਦੀ ਹੈ ਤੇ ਇਕ-ਦੂਜੇ ਖ਼ਿਲਾਫ਼ ਜ਼ਹਿਰ ਉਗਲਿਆ ਜਾਂਦਾ ਹੈ। ਕਈ ਤਰ੍ਹਾਂ ਦੀਆਂ ਲੜਾਈਆਂ-ਝਗੜੇ ਵੀ ਹੁੰਦੇ ਹਨ। ਇਸ ਲਈ ਸਾਡੇ ਬਜ਼ੁਰਗਾਂ ਨੇ ਪੰਚਾਇਤੀ ਚੋਣਾਂ ਨੂੰ ਸਿਆਸਤ ਤੋਂ ਦੂਰ ਰੱਖਿਆ ਹੈ। ਪੰਚਾਇਤ ਦੇ ਕੰਮ ਸਰਬਸੰਮਤੀ ਨਾਲ ਹੁੰਦੇ ਹਨ। ਇਸ ਨਾਲ ਪਿੰਡ ਵਿਚ ਭਾਈਚਾਰਕ ਸਾਂਝ ਕਾਇਮ ਰਹਿੰਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ

ਇਸੇ ਤਰ੍ਹਾਂ ਗੋਲੂਮਾਜਰਾ ਪਿੰਡ ਦੇ ਪੰਚਾਇਤ ਮੈਂਬਰ ਰਹਿ ਚੁੱਕੇ ਨੌਹਰੀਆ ਰਾਮ ਨੇ ਦੱਸਿਆ ਕਿ ਪਹਿਲੀ ਵਾਰ ਬੰਤਾ ਸਿੰਘ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਸਨ। ਉਨ੍ਹਾਂ ਨੇ ਪਿੰਡ ਦਾ ਬਹੁਤ ਵਿਕਾਸ ਕਰਵਾਇਆ। ਇੱਥੋਂ ਹੀ ਸਰਬਸੰਮਤੀ ਦਾ ਫ਼ਾਰਮੂਲਾ ਅਪਣਾਇਆ ਗਿਆ। ਪਿੰਡ ਵਿਚ ਹੁਣ ਪੰਚਾਇਤ ਘਰ, ਸਕੂਲ, ਟਿਊਬਵੈੱਲ, ਪੱਕੀਆਂ ਗਲੀਆਂ-ਨਾਲੀਆਂ ਤੇ ਧਰਮਸ਼ਾਲਾ ਸਭ ਕੁਝ ਹੈ। ਖੇੜਾ ਕੋਟਲੀ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਪੰਚ ਦੀ ਚੋਣ ਵੇਲੇ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨ ਵੀ ਬਹਿ ਕੇ ਰਲ਼ ਕੇ ਸਰਪੰਚ ਚੁਣਦੇ ਹਨ। ਇਸ ਨਾਲ ਪਿੰਡ ਵਿਚ ਏਕਤਾ ਕਾਇਮ ਹੈ। ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਪਿੰਡ ਦਾ ਕੋਈ ਮਸਲਾ ਅਦਾਲਤਾਂ ਤਾਂ ਕੀ ਥਾਣੇ ਤਕ ਵੀ ਨਹੀਂ ਪਹੁੰਚਦਾ ਤੇ ਲੋਕ ਬਹਿ ਕੇ ਮਸਲਾ ਨਬੇੜ ਲੈਂਦੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News