ਪੰਚਾਇਤੀ ਚੋਣਾਂ 'ਚ ਛੁੱਟੀ ਦੀ ਸੂਚਨਾ ਮਿਲਦਿਆਂ ਹੀ ਜੁਗਾੜ ਲਾਉਣੇ ਸ਼ੁਰੂ

Saturday, Dec 15, 2018 - 10:56 AM (IST)

ਜਲੰਧਰ (ਅਮਿਤ)— ਜਲੰਧਰ ਜ਼ਿਲੇ ਦੀਆਂ 882 ਪੰਚਾਇਤਾਂ ਦੀਆਂ 30 ਦਸੰਬਰ ਨੂੰ ਹੋਣ  ਵਾਲੀਆਂ ਚੋਣਾਂ ਦੀ ਪ੍ਰਕਿਰਿਆ ਸ਼ੁੱਕਰਵਾਰ ਨੂੰ ਉਸ ਸਮੇਂ ਸ਼ੁਰੂ ਹੋ ਗਈ ਜਦੋਂ ਚੋਣ ਡਿਊਟੀ ਵਿਚ ਹਿੱਸਾ ਲੈਣ ਵਾਲੇ ਸਟਾਫ ਨੂੰ ਉਨ੍ਹਾਂ ਦੀ ਡਿਊਟੀ ਤੇ ਰਿਹਰਸਲ ਨਾਲ ਸਬੰਧਿਤ ਰਸਮੀ  ਚਿੱਠੀ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਗਈ। ਚੋਣਾਂ ਵਿਚ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲਾਉਣ  ਦੀ ਪ੍ਰਕਿਰਿਆ ਆਰੰਭ ਕੀਤੀ ਜਾ ਚੁੱਕੀ ਹੈ। ਲਗਭਗ ਰੋਜ਼ਾਨਾ ਹੀ ਕਿਸੇ ਨਾ ਕਿਸੇ  ਕਰਮਚਾਰੀ ਨੂੰ ਉਸ ਦੀ ਡਿਊਟੀ ਸਬੰਧੀ ਲਿਖਤੀ ਚਿੱਠੀ ਪ੍ਰਸ਼ਾਸਨ ਵਲੋਂ ਭੇਜੀ ਜਾ ਰਹੀ ਹੈ  ਤਾਂ ਜੋ ਉਹ ਰਿਹਰਸਲ 'ਚ ਹਿੱਸਾ ਲੈ ਸਕਣ। ਪ੍ਰਸ਼ਾਸਨ ਵਲੋਂ ਜਾਰੀ ਚਿੱਠੀਆਂ ਮਿਲਦਿਆਂ ਹੀ  ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ 'ਚ ਹੜਕੰਪ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ।  ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਇਸ ਸੰਬੰਧੀ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ  ਜੋ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਡਿਊਟੀ ਕਟਵਾ ਸਕਣ। ਬਾਅਦ ਦੁਪਹਿਰ ਪ੍ਰਸ਼ਾਸਨਿਕ  ਕੰਪਲੈਕਸ ਅੰਦਰ ਆਪਣੀ ਚੋਣ ਡਿਊਟੀ ਕਟਵਾਉਣ ਲਈ ਆਉਣ ਵਾਲੇ ਲੋਕਾਂ ਦੀ  ਭੀੜ ਲੱਗੀ ਰਹੀ।  ਹਰ ਵਾਰ ਚੋਣਾਂ ਦੌਰਾਨ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਦਾ ਹੈ।

ਚੋਣ ਡਿਊਟੀ ਦਾ ਨਾਂ ਸੁਣਦਿਆਂ ਹੀ ਲੋਕਾਂ ਦੇ ਪਸੀਨੇ ਛੁੱਟਣ ਲੱਗਦੇ ਹਨ ਹਾਲਾਂਕਿ ਇਹ ਕੰਮ ਮੁਫਤ ਵਿਚ  ਨਹੀਂ ਕੀਤਾ ਜਾਂਦਾ ਤੇ ਚੋਣ ਡਿਊਟੀ ਦੌਰਾਨ ਵੱਖਰੇ ਤੌਰ 'ਤੇ ਮਿਹਨਤਾਨਾ ਵੀ ਦਿੱਤਾ ਜਾਂਦਾ  ਹੈ ਪਰ ਫਿਰ ਵੀ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਤਰ੍ਹਾਂ ਚੋਣ ਡਿਊਟੀ ਤੋਂ  ਬਚਣਾ  ਚਾਹੁੰਦੇ ਹਨ ਇਸ ਦੇ ਲਈ ਉਹ ਉੁਚੀ ਤੋਂ ਉਚੀ ਪਹੁੰਚ ਦਾ ਇਸਤੇਮਾਲ ਕਰਨ ਤੋਂ ਵੀ ਨਹੀਂ  ਝਿਜਕਦੇ। ਚੋਣ ਡਿਊਟੀ ਕਟਵਾਉਣ ਵਾਲਿਆਂ ਵਿਚੋਂ 20 ਤੋਂ 30 ਫੀਸਦੀ ਲੋਕ ਹੀ ਅਸਲ ਵਿਚ  ਲੋੜਵੰਦ ਹੁੰਦੇ ਹਨ, ਜਿਨ੍ਹਾਂ ਲਈ ਡਿਊਟੀ ਕਟਵਾਉਣੀ ਅਸਲ ਵਿਚ ਜ਼ਰੂਰੀ ਹੁੰਦੀ ਹੈ ਪਰ  ਅਜਿਹੇ ਲੋਕ ਉੱਚੀ ਪਹੁੰਚ ਤੇ ਸਿਫਾਰਿਸ਼ ਵਾਲੇ ਲੋਕਾਂ ਦੇ ਅੱਗੇ ਹਾਰ ਮੰਨ ਜਾਂਦੇ ਹਨ ਤੇ  ਉਨ੍ਹਾਂ ਨੂੰ ਮਜਬੂਰ ਹੋ ਕੇ ਡਿਊਟੀ ਦੇਣੀ ਹੀ ਪੈਂਦੀ ਹੈ। 

ਸਟਾਫ ਦੀ ਪਹਿਲਾਂ ਹੀ ਬੜੀ ਕਿੱਲਤ, ਨਹੀਂ ਦਿੱਤੀ ਜਾ ਸਕਦੀ ਕੋਈ ਰਿਆਇਤ  : ਏ. ਡੀ. ਸੀ. : ਏ.  ਡੀ. ਸੀ. (ਡੀ) ਜਤਿੰਦਰ ਜੋਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਹੀ ਸਟਾਫ ਦੀ  ਕਾਫੀ ਕਿੱਲਤ ਹੈ। ਅਜਿਹੇ ਵਿਚ ਜੇਕਰ ਸਟਾਫ ਦੀ ਡਿਊਟੀ ਕੱਟਦੇ ਹਨ ਤਾਂ ਉਸ ਸਥਿਤੀ ਵਿਚ  ਚੋਣ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨਾ ਬੇਹੱਦ ਮੁਸ਼ਕਲ ਸਾਬਿਤ ਹੋ ਸਕਦਾ ਹੈ। ਇਸ ਲਈ ਮੌਜੂਦਾ ਸਮੇਂ ਵਿਚ ਕਿਸੇ ਤਰ੍ਹਾਂ ਦੀ ਰਿਆਇਤ ਸੰਭਵ ਨਹੀਂ। 

ਹਰ ਕਿਸੇ ਨੂੰ ਖੁਸ਼ੀ-ਖੁਸ਼ੀ ਲੋਕਤੰਤਰ ਦੇ ਇਸ ਅਹਿਮ ਪੜਾਅ ਦੀ ਸੇਵਾ ਕਰਨੀ ਚਾਹੀਦੀ ਹੈ  : ਡੀ. ਸੀ. : ਡੀ.  ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਖੁਦ ਅੱਗੇ ਵਧ ਕੇ  ਲੋਕਤੰਤਰ ਦੇ ਇਸ ਅਹਿਮ ਪੜਾਅ ਵਿਚ ਯੋਗਦਾਨ ਪਾਉਂਦਿਆਂ ਆਪਣੀ ਡਿਊਟੀ ਨਿਭਾਉਣੀ ਚਾਹੀਦੀ  ਹੈ। ਉਨ੍ਹਾਂ ਕਿਹਾ ਕਿ ਡਿਊਟੀ ਕਟਵਾਉਣ ਦੇ ਚੱਕਰ ਵਿਚ ਪ੍ਰਸ਼ਾਸਨ ਦਾ ਕੰਮ ਹੋਰ ਵੀ ਵਧ  ਜਾਂਦਾ ਹੈ, ਕਿਉਂਕਿ ਬਿਨੇਕਾਰਾਂ ਦੀ ਲਿਸਟ ਬਣਾਉਣਾ, ਸ਼ੋਅਕਾਜ਼ ਨੋਟਿਸ ਜਾਰੀ ਕਰਨਾ ਆਦਿ  ਅਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਲਈ ਵਾਧੂ ਸਟਾਫ ਲਾਉਣਾ ਪੈਂਦਾ ਹੈ। ਇਸ ਲਈ ਡਿਊਟੀ ਕਟਵਾਉਣ ਦੀ ਥਾਂ ਖੁਸ਼ੀ-ਖੁਸ਼ੀ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ।


Shyna

Content Editor

Related News