ਜਲੰਧਰ ਸਮੇਤ ਬਾਕੀ ਜ਼ਿਲਿਆਂ ''ਚ ਵੀ ਜਾਣੋ ਕਿੰਨੇ ਫੀਸਦੀ ਹੋਈ ਪੋਲਿੰਗ

12/31/2018 6:14:42 PM

ਚੰਡੀਗੜ੍ਹ/ਜਲੰਧਰ— (ਏਜੰਸੀਆਂ, ਭੁੱਲਰ)— ਪੰਜਾਬ 'ਚ ਐਤਵਾਰ ਨੂੰ 13276 ਪੰਚਾਇਤਾਂ ਲਈ ਵੋਟਾਂ ਪਾਈਆਂ ਗਈਆਂ। ਇਨ੍ਹਾਂ ਪੰਚਾਇਤਾਂ ਲਈ 28,375 ਸਰਪੰਚੀ ਦੇ ਉਮੀਦਵਾਰ ਮੈਦਾਨ 'ਚ ਉਤਰੇ ਸਨ ਜਦਕਿ ਰਾਜ 'ਚ 1863 ਸਰਪੰਚ ਨਿਰਵਿਰੋਧ ਚੁਣੇ ਗਏ ਹਨ। ਇਸ ਦੇ ਨਾਲ ਹੀ ਪੰਚਾਂ ਲਈ 1,0,40,27 ਉਮੀਦਵਾਰ ਮੈਦਾਨ 'ਚ ਉਤਰੇ ਸਨ ਜਦਕਿ 22,203 ਪੰਚ ਨਿਰਵਿਰੋਧ ਚੁਣੇ ਗਏ ਹਨ।

ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ
ਪੰਜਾਬ 'ਚ ਐਤਵਾਰ ਨੂੰ ਪਈਆਂ ਵੋਟਾਂ ਦੌਰਾਨ ਕਈ ਥਾਵਾਂ 'ਤੇ ਹਿੰਸਾ ਹੋਈ ਅਤੇ ਦੋ ਵਿਅਕਤੀਆਂ ਦੀ ਜਾਨ ਚਲੀ ਗਈ। ਫਿਰੋਜ਼ਪੁਰ ਜ਼ਿਲੇ 'ਚ ਇਕ ਬੈਲੇਟ ਬਾਕਸ ਨੂੰ ਅੱਗ ਲਾ ਕੇ ਦੌੜ ਰਹੇ ਬਦਮਾਸ਼ਾਂ ਨੇ ਇਕ ਵੋਟਰ ਨੂੰ ਕੁਚਲ ਦਿੱਤਾ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਰੋਜ਼ਪੁਰ ਦੇ ਹੀ ਪਿੰਡ ਕੋਠੀ ਰਾਏ ਸਾਹਿਬ ਵਿਖੇ ਹੋਈ ਫਾਇਰਿੰਗ ਅਤੇ ਪਥਰਾਅ ਦੀ ਘਟਨਾ ਦੌਰਾਨ ਚਿੰਤਾਜਨਕ ਹਾਲਤ 'ਚ ਮਿਲੇ ਇਕ ਨੌਜਵਾਨ ਸੈਮਸਨ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ, ਪਟਿਆਲਾ, ਕਪੂਰਥਲਾ ਅਤੇ ਗੁਰਦਾਸਪੁਰ ਸਮੇਤ ਸੂਬੇ ਦੇ  ਵੱਖ-ਵੱਖ ਹਿੱਸਿਆਂ 'ਚ ਕਈ ਹਿੰਸਕ ਘਟਨਾਵਾਂ ਵਾਪਰੀਆਂ। ਜਲੰਧਰ ਦੇ ਨਕੋਦਰ ਵਿਖੇ ਇਕ ਉਮੀਦਵਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸ ਪਿੱਛੋਂ ਉਥੇ ਪੋਲਿੰਗ ਨੂੰ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੋਲਿੰਗ ਦੇ ਸ਼ੁਰੂ ਹੋਣ ਦੇ ਨਾਲ ਹੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲੇ ਦੇ ਅਜਨਾਲਾ ਵਿਖੇ ਇੱਟਾਂ-ਪੱਥਰ ਚੱਲਣ ਦੀ ਘਟਨਾ ਵਾਪਰੀ। ਦੁਪਹਿਰ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਵਿਅਕਤੀ ਰਾਮ ਨਗਰ ਵਿਖੇ ਪੋਲਿੰਗ ਦੌਰਾਨ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਪੁਲਸ ਵਿਰੁੱਧ ਧਰਨੇ 'ਤੇ ਬੈਠ ਗਏ। ਤਰਨਤਾਰਨ ਅਤੇ ਪਟਿਆਲਾ ਵਿਖੇ ਪੋਲਿੰਗ ਬੂਥਾਂ ਅੰਦਰ ਹੱਥੋਪਾਈ ਦੀਆਂ ਘਟਨਾਵਾਂ ਹੋਈਆਂ। ਇਥੇ ਲੋਕਾਂ ਨੂੰ ਇਕ-ਦੂਜੇ ਨੂੰ ਥੱਪੜ ਮਾਰਦਿਆਂ ਅਤੇ ਖਾਂਦਿਆਂ ਦੇਖਿਆ ਗਿਆ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਲਿਆਂਵਾਲੀ ਵਿਖੇ ਵੀ ਦੋ ਧਿਰਾਂ ਦਰਮਿਆਨ ਝਗੜਾ ਹੋਣ ਦੀ ਵੀ ਸਾਹਮਣੇ ਆਈ। ਇਸ ਕਾਰਨ ਇਥੇ ਪੋਲਿੰਗ ਰੁਕੀ ਰਹੀ। ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਦੇਤਵਾਲ ਵਿਖੇ ਬਾਅਦ ਦੁਪਹਿਰ 10 ਤੋਂ ਵੱਧ ਨਕਾਬਪੋਸ਼ ਨੌਜਵਾਨਾਂ ਨੇ ਪੋਲਿੰਗ ਬੂਥ 'ਤੇ ਜਬਰੀ ਐਂਟਰੀ ਕੀਤੀ ਅਤੇ ਬੈਲਟ ਪੇਪਰ ਪਾੜ ਦਿੱਤੇ। ਜਾਂਦੇ ਹੋਏ ਉਨ੍ਹਾਂ ਕੁਝ ਹਵਾਈ ਫਾਇਰ ਵੀ ਕੀਤੇ। 

ਜਾਣੋ ਕਿੱਥੇ ਕਿੰਨੇ ਫੀਸਦੀ ਹੋਈ ਪੋਲਿੰਗ

ਜ਼ਿਲਾ        ਫੀਸਦੀ
ਜਲੰਧਰ 74.5
ਅੰਮ੍ਰਿਤਸਰ 68.0
ਬਠਿੰਡਾ 84.3
ਬਰਨਾਲਾ 82.0
ਫਿਰੋਜ਼ਪੁਰ 59.8
ਫਤਿਹਗੜ੍ਹ ਸਾਹਿਬ 77.2
ਫਰੀਦਕੋਟ 58.0
ਫਾਜ਼ਿਲਕਾ 58.0
ਗੁਰਦਾਸਪੁਰ 80.0
ਹੁਸ਼ਿਆਰਪੁਰ 70.0
ਕਪੂਰਥਲਾ 75.0
ਲੁਧਿਆਣਾ 75.36
ਮੋਗਾ 78.0
ਸ੍ਰੀ ਮੁਕਤਸਰ ਸਾਹਿਬ 80.6
ਮਾਨਸਾ 88.0
ਪਟਿਆਲਾ 84.0
ਪਠਾਨਕੋਟ 82.0
ਰੂਪਨਗਰ 78.0
ਸੰਗਰੂਰ 85.0
ਮੋਹਾਲੀ 55.0
ਐੱਸ.ਬੀ.ਐੱਸ. ਨਗਰ 77.4
ਤਰਨਤਾਰਨ 61.0


 


shivani attri

Content Editor

Related News