ਸੂਬਾ ਪੱਧਰੀ ਅਧਿਆਪਕ ਖੇਡਾਂ ‘ਤੇ ਪੰਚਾਇਤੀ ਚੋਣਾਂ ਦਾ ਸਾਇਆ

12/21/2018 8:33:08 PM

ਚੰਡੀਗਡ਼੍ਹ, (ਭੁੱਲਰ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਪਹਿਲੀ ਵਾਰ ਲੁਧਿਆਣੇ ਵਿਖੇ ਸਟੇਟ ਪੱਧਰ ਦੀਆਂ ਅਧਿਆਪਕ ਖੇਡਾਂ ਦਾ ਐਲਾਨ ਕਰਕੇ ਅਧਿਆਪਕ ਵਰਗ ਤੇ ਪੰਜਾਬ ਦੇ ਸਕੂਲਾਂ ’ਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਸ਼ਲਾਘਾਯੋਗ ਕਦਮ ਚੁੱਕਿਆ ਸੀ ਪਰ ਪਹਿਲਾਂ ਵਿਭਾਗ ਖੇਡ ਕਿੱਟਾਂ ਦੇਣ ਤੋਂ ਮੁੱਕਰਿਆ ਤੇ ਹੁਣ ਬਿਸਤਰੇ ਦੇ ਪ੍ਰਬੰਧ ਤੋਂ, ਸ਼ਾਇਦ ਹੁਣ ਭੋਜਨ ਰਹਿਣ ਦੇ ਪ੍ਰਬੰਧ ਤੋਂ ਵੀ ਮੁੱਕਰ ਜਾਵੇ। ਇਨ੍ਹਾਂ ਖੇਡਾਂ ਦੀਆਂ ਮਿਤੀਆਂ 26 ਤੋਂ 28 ਦਸੰਬਰ ਹਨ ਪਰ ਪੰਜਾਬ ’ਚ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਕਾਰਨ ਵਿਭਾਗ ਵੱਲੋਂ ਇਨ੍ਹਾਂ ਖੇਡਾਂ ਦੇ ਸਬੰਧ ’ਚ ਕੁਝ ਵੀ ਨਹੀਂ ਕਿਹਾ ਜਾ ਰਿਹਾ।

ਇਨ੍ਹਾਂ ਚੋਣਾਂ ਦੀਆਂ ਰਿਹਰਸਲ ਤਰੀਕਾਂ ਵੀ 22 ਤੇ 26 ਦਸੰਬਰ ਹਨ ਤੇ ਪੂਰਾ ਸਿੱਖਿਆ ਮਹਿਕਮਾ ਇਸ ਸਮੇਂ ਚੋਣ ਡਿਊਟੀਆਂ ’ਚ ਉਲਝਿਆ ਪਿਆ ਹੈ ਤੇ ਖੇਡਾਂ ਸਬੰਧੀ ਸਮਝ ਨਹੀਂ ਆ ਰਿਹਾ ਕਿ ਇਹ ਅੱਗੇ ਹੋਣਗੀਆਂ ਜਾਂ ਫਿਰ ਬਿਨਾਂ ਅਧਿਆਪਕਾਂ ਤੋਂ ਹੀ ਹੋਣਗੀਆਂ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਕ ਦੇ ਸੂਬਾ ਪ੍ਰਧਾਨ ਹਰਜੀਤ ਬਸੋਤਾ ਤੇ ਪ੍ਰੈੱਸ ਸਕੱਤਰ ਐੱਨ. ਡੀ. ਤਿਵਾਡ਼ੀ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਇਹ ਖੇਡਾਂ ਦੀਆਂ ਮਿਤੀਆਂ ਅੱਗੇ ਕਰਨੀਆਂ ਚਾਹੀਦੀਆਂ ਹਨ, ਕਿਉਂਕਿ ਚੋਣਾਂ ਦੀ ਰਿਹਰਸਲ ਵੀ 26 ਦਸੰਬਰ ਨੂੰ ਹੈ ਤੇ ਖੇਡਾਂ ਵੀ ਇਸੇ ਦਿਨ ਤੋਂ ਸ਼ੁਰੂ ਹਨ।


Related News