ਹਮੇਸ਼ਾ ਲਈ ਇਕ-ਦੂਜੇ ਦੇ ਹੋਏ 'ਭਾਰਤ-ਪਾਕਿਸਤਾਨ' (ਵੀਡੀਓ)

Saturday, Mar 09, 2019 - 05:00 PM (IST)

ਪਟਿਆਲਾ (ਬਲਜਿੰਦਰ,ਬਖਸ਼ੀ)—ਭਾਰਤ ਅਤੇ ਪਾਕਿ ਦੇ ਵਿਚਕਾਰ ਭਾਵੇਂ ਹੀ ਤਣਾਅ ਦਾ ਮਾਹੌਲ ਹੋਵੇ ਪਰ ਪਟਿਆਲਾ 'ਚ ਬਾਰਡਰ ਦੇ ਪਾਰ ਦਾ ਪਿਆਰ ਪ੍ਰਵਾਨ ਚੜ੍ਹ ਗਿਆ। ਇੱਥੇ ਸਰਹੱਦਾਂ ਦੀਆਂ ਦੂਰੀਆਂ ਖਤਮ ਕਰਕੇ ਅੱਜ ਅੰਬਾਲਾ ਦੇ ਪਿੰਡ ਤੇਪਲਾ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਅਤੇ ਪਾਕਿਸਤਾਨ ਪੰਜਾਬ ਦੇ ਸਿਆਲਕੋਟ ਜ਼ਿਲੇ ਦੇ ਪਿੰਡ ਡਕਸ਼ਾ ਦੀ ਰਹਿਣ ਵਾਲੀ ਕਿਰਨ ਚੀਮਾ ਇਕ ਦੂਸਰੇ ਦੇ ਹੋ ਗਏ। ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹ ਵਿਆਹ ਅੱਜ ਗੁਰਦੁਆਰਾ ਖੇਲ ਸਾਹਿਬ ਵਿਚ ਪ੍ਰਵਾਨ ਚੜ੍ਹਿਆ, ਜਿੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਦੋਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਵਿਆਹ ਕਰਵਾਇਆ।

PunjabKesari

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਕਿਰਨ ਚੀਮਾ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਅਤੇ ਪਰਮਿੰਦਰ ਸਿੰਘ ਨੇ ਕੋਟ ਪੈਂਟ ਪਾਇਆ ਹੋਇਆ ਸੀ। ਹਾਲਾਂਕਿ ਵਿਆਹ ਵਿਚ ਬਹੁਤ ਹੀ ਘੱਟ ਲੋਕ ਪਾਕਿਸਤਾਨੀ ਦੁਲਹਣ ਦੀ ਝਲਕ ਪਾਉਣ ਲਈ ਗੁਰੂ ਘਰ ਦੇ ਬਾਹਰ ਕਾਫੀ ਜ਼ਿਆਦਾ ਲੋਕ ਇਕੱਠੇ ਹੋਏ ਸੀ।ਕਿਰਨ ਚੀਮਾ ਅਤੇ ਪਰਮਿੰਦਰ ਸਿੰਘ ਦਾ ਪਰਿਵਾਰ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਵੰਡ ਵੇਲੇ ਕਿਰਨ ਚੀਮਾ ਦਾ ਪਰਿਵਾਰ ਪਾਕਿਸਤਾਨ ਵਿਚ ਰਹਿ ਗਿਆ ਸੀ। ਇਸ ਤੋਂ ਬਾਅਦ ਜਦੋਂ ਵੀ ਉਨ੍ਹਾਂ ਨੂੰ ਸਮਾਂ ਲੱਗਦਾ ਤਾਂ ਉਹ ਭਾਰਤ ਵਿਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਸੀ। ਢਾਈ ਸਾਲ ਪਹਿਲਾਂ ਵੀ ਉਹ ਭਾਰਤ ਆਏ ਸੀ। ਦੋਹਾਂ ਦਾ ਵਿਆਹ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਹੋਇਆ ਅਤੇ ਕਿਰਨ ਚੀਮਾ ਆਪਣੇ ਪਿਤਾ ਸੁਰਜੀਤ ਚੀਮਾ, ਮਾਤਾ ਸੁਮੇਰਾਚੀਮਾ, ਭਰਾ ਅਮਰਜੀਤ ਅਤੇ ਭੈਣ ਰਮਨਜੀਤ ਚੀਮਾ, ਸਿਆਲਕੋਟ ਦੇ ਪਿੰਡ ਡਕਸ਼ਾ ਨਾਲ ਦਿੱਲੀ ਤੋਂ ਸ਼ੁੱਕਰਵਾਰ ਨੂੰ ਸਮਾਣਾ 'ਚ ਆਪਣੇ ਰਿਸ਼ਤੇਦਾਰ ਲਖਵਿੰਦਰ ਸਿੰਘ ਸੰਧੂ ਪਿੰਡ ਤਲਵੰਡੀ ਮਲਿਕ ਵਾਲੇ ਦੇ ਇੱਥੇ ਪਹੁੰਚੇ ਸਨ। ਇਸ ਸਬੰਧੀ ਲਖਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਰਿਵਾਰ ਪਹਿਲਾਂ ਦਿੱਲੀ ਪਹੁੰਚਿਆ ਅਤੇ ਇੱਥੇ ਆਉਣ ਤੋਂ ਬਾਅਦ ਐੱਸ. ਐੱਸ. ਪੀ. ਪਟਿਆਲਾ ਦੇ ਸਾਹਮਣੇ ਹਾਜ਼ਰੀ ਦਿੱਤੀ ਅਤੇ ਫਿਰ ਸਮਾਣਾ ਵਿਚ ਚਲਾ ਗਿਆ ਅਤੇ ਅੱਜ ਪਰਿਵਾਰ ਨਾਲ ਸਵੇਰੇ
ਗੁਰਦੁਆਰਾ ਖੇਲ ਸਾਹਿਬ ਵਿਚ ਪਹੁੰਚ ਗਏ ਸੀ ਅਤੇ ਪੂਰੇ ਧਾਰਮਿਕ ਰਿਤੀ ਰਿਵਾਜਾਂ ਨਾਲ ਦੋਹਾਂ ਦਾ ਵਿਆਹ ਹੋਇਆ।

ਪੇਸ਼ੇ ਤੋਂ ਅਧਿਆਪਕ ਹੈ ਕਿਰਨ
ਕਿਰਨ ਚੀਮਾ ਪੇਸ਼ੇ ਤੋਂ ਅਧਿਆਪਕ ਹੈ ਅਤੇ ਉਸਦੇ ਪਿਤਾ ਸੁਰਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਹਨ। ਦੋਵੇਂ ਆਪਸ ਵਿਚ ਦੂਰ ਦੇ ਰਿਸ਼ਤੇਦਾਰ ਹਨ ਅਤੇ ਇਸ ਤੋਂ ਪਹਿਲਾਂ ਵੀ ਮਿਲਦੇ ਹਨ। ਦੋਹਾਂ ਦੇ ਪਰਿਵਾਰਾਂ ਨੇ ਆਪਸ ਵਿਚ ਮਿਲ ਕੇ ਇਹ ਫ਼ੈਸਲਾ ਲਿਆ ਅਤੇ ਇਹ ਵਿਆਹ ਹੋ ਗਿਆ।

ਵਿਆਹ ਤੋਂ ਬਾਅਦ ਖੁਸ਼ ਦਿਖਾਈ ਦਿੱਤੇ ਪਰਮਿੰਦਰ ਅਤੇ ਕਿਰਨ
ਵਿਆਹ ਤੋਂ ਬਾਅਦ ਕਾਫੀ ਜ਼ਿਆਦਾ ਖੁਸ਼ ਦਿਖਾਈ ਦਿੱਤੇ। ਦੋਹਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਉਜਵੱਲ ਭਵਿੱਖ ਦੀ ਅਰਦਾਸ ਕੀਤੀ। ਇਸ ਮੌਕੇ ਕਿਰਨ ਨੇ ਕਿਹਾ ਕਿ ਉਸਦਾ ਵਿਆਹ ਭਾਰਤ ਵਿਚ ਹੋਇਆ ਉਹ ਇਸ ਤੋਂ ਬਹੁਤ ਜ਼ਿਆਦਾ ਖੁਸ਼ ਹੈ। ਉਨ੍ਹਾਂ ਕਿਹਾ ਕਿ ਇਹ ਵਿਆਹ ਦੋਵੇਂ ਪਰਿਵਾਰਾਂ ਨੇ ਮਿਲ ਕੇ ਤੈਅ ਕੀਤਾ ਹੈ।


Shyna

Content Editor

Related News