ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਦਾਦੀ-ਪੋਤੇ ਕੋਲੋਂ ਮਿਲੀ 3 ਲੱਖ ਦੀ ਪਾਕਿਸਤਾਨੀ ਕਰੰਸੀ ਕਿੱਥੋਂ ਆਈ?
Wednesday, Sep 07, 2022 - 05:10 AM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਪਰਤੇ ਦਾਦੀ-ਪੋਤੇ ਕੋਲੋਂ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਤਾਰਪੁਰ ਇਨਟੈਗ੍ਰੇਟਿਡ ਚੈੱਕ ਪੋਸਟ ਤੇ ਕਸਟਮ ਵਿਭਾਗ ਵੱਲੋਂ ਚੈਕਿੰਗ ਦੌਰਾਨ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਸਟਮ ਵਿਭਾਗ ਨੇ ਕਰੰਸੀ ਨੂੰ ਜ਼ਬਤ ਕਰ ਲਿਆ ਹੈ ਤੇ ਅਗਲੀ ਪੁੱਛਗਿੱਛ ਲਈ ਦੋਵਾਂ ਨੂੰ ਡੇਰਾ ਬਾਬਾ ਨਾਨਕ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸ਼ਰਧਾਲੂ ਨੂੰ BSF ਨੇ ਕੀਤਾ ਕਾਬੂ, ਬਰਾਮਦ ਹੋਇਆ ਇਹ ਸਾਮਾਨ
ਇਸ ਸਬੰਧੀ ਜਾਣਕਾਰੀ ਦਿੰਦਆਂ ਡੀ.ਐੱਸ.ਪੀ. ਸਰਵਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਔਰਤ ਤੇ ਨੌਜਵਾਨ ਨੂੰ ਹਿਰਾਸਤ 'ਚ ਲੈ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਦੋਵੇਂ ਦੀਨਾਨਗਰ ਦੇ ਨੇੜੇ ਰਹਿਣ ਵਾਲੇ ਹਨ। ਇਹ ਬੀਤੇ ਕੱਲ੍ਹ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਨਤਮਸਤਕ ਹੋਣ ਗਏ ਤੇ ਜਦ ਪਾਕਿਸਤਾਨ ਤੋਂ ਵਾਪਸ ਪਰਤੇ ਤਾਂ ਉਨ੍ਹਾਂ ਕੋਲੋਂ ਪਾਕਿਸਤਾਨੀ ਕਰੰਸੀ ਬਰਾਮਦ ਹੋਈ। ਕਸਟਮ ਵਿਭਾਗ ਨੇ ਛਾਣਬੀਣ ਕੀਤੀ ਤਾਂ 3 ਲੱਖ ਪਾਕਿਸਤਾਨੀ ਰੁਪਏ ਦੋਵਾਂ ਕੋਲੋਂ ਬਰਾਮਦ ਹੋਏ।
ਇਹ ਵੀ ਪੜ੍ਹੋ : ਆਨਲਾਈਨ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਨੋਇਡਾ ਤੋਂ ਗ੍ਰਿਫ਼ਤਾਰ
ਡੀ.ਐੱਸ.ਪੀ. ਨੇ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਔਰਤ ਦੇ ਰਿਸ਼ਤੇਦਾਰ ਪਾਕਿਸਤਾਨ 'ਚ ਰਹਿੰਦੇ ਹਨ ਤੇ ਔਰਤ ਮੁਤਾਬਕ ਪੈਸੇ ਉਨ੍ਹਾਂ ਨੇ ਦਿੱਤੇ ਹਨ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗੰਭੀਰਤਾ ਨਾਲ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਕੇ ਵਾਪਸ ਪਰਤੇ ਇਕ ਭਾਰਤੀ ਨਾਗਰਿਕ ਕੋਲੋਂ ਇਕ ਲੱਖ ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।