''ਨਵਜੋਤ ਸਿੱਧੂ'' ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ, ਭੇਜਣ ਦੇ ਮੂਡ ''ਚ ਨਹੀਂ ''ਭਾਰਤ''!
Thursday, Nov 07, 2019 - 09:05 AM (IST)
ਚੰਡੀਗੜ੍ਹ/ਪਾਕਿਸਤਾਨ : ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਪਾਕਿਸਤਾਨ ਜਾਣ ਲਈ ਵੀਜ਼ਾ ਦੇ ਦਿੱਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਅਜੇ ਤੱਕ ਇਸ ਦੇ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਸਿਆਸੀ ਮਨਜ਼ੂਰੀ ਨਹੀਂ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣਾ ਚਾਹੁੰਦੇ ਹਨ। ਦੱਸ ਦੇਈਏ ਕਿ ਪਕਿਸਤਾਨ ਦੀ ਇਮਰਾਨ ਖਾਨ ਸਰਕਾਰ ਵਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਹਿੱਸਾ ਲੈਣ ਲਈ ਸਿੱਧੂ ਨੂੰ ਸੱਦਾ ਦਿੱਤਾ ਗਿਆ ਹੈ। ਕ੍ਰਿਕਟਰ ਤੋਂ ਰਾਜਨੇਤਾ ਬਣੇ ਸਿੱਧੂ ਨੇ ਵੀ ਪਾਕਿਸਤਾਨ ਦਾ ਇਹ ਸੱਦਾ ਸਵੀਕਾਰ ਕਰ ਲਿਆ ਹੈ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਹੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣ ਲਈ ਸਰਕਾਰੀ ਮਨਜ਼ੂਰੀ ਮੰਗੀ ਹੈ।
ਨਵਜੋਤ ਸਿੱਧੂ ਨੂੰ ਪਾਕਿਸਤਾਨ ਭੇਜਣ ਦੇ ਮੂਡ 'ਚ ਨਹੀਂ ਸਰਕਾਰ
ਸੂਤਰਾਂ ਮੁਤਾਬਕ ਭਾਰਤ ਸਰਕਾਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਭੇਜਣ ਦੇ ਮੂਡ 'ਚ ਦਿਖਾਈ ਨਹੀਂ ਦੇ ਰਹੀ ਹੈ। ਇਸ ਦਾ ਕਾਰਨ ਹੈ ਕਿ ਸਿੱਧੂ ਦੇ ਹਮਾਇਤੀਆਂ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਿੱਧੂ ਨੂੰ ਲਾਂਘੇ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ। ਬੀਤੇ ਦਿਨੀਂ ਸਿੱਧੂ ਦੇ ਹਮਾਇਤੀਆਂ ਨੇ ਅੰਮ੍ਰਿਤਸਰ 'ਚ ਸਿੱਧੂ ਅਤੇ ਇਮਰਾਨ ਖਾਨ ਨੂੰ ਲਾਂਘੇ ਦਾ ਹੀਰੋ ਦੱਸਦਿਆਂ ਪੋਸਟਰ ਲਾਏ ਸਨ ਪਰ ਇਨ੍ਹਾਂ ਪੋਸਟਰਾਂ ਨੂੰ 2 ਘੰਟਿਆਂ ਬਾਅਦ ਉਤਾਰ ਦਿੱਤਾ ਗਿਆ ਸੀ।