ਪਾਕਿ ਨੇ ਕਰਤਾਰਪੁਰ ਲਾਂਘੇ ਲਈ ਵਿਸ਼ਵ ਬੈਂਕ ਤੋਂ ਲਿਆ ਸੀ 50 ਲੱਖ ਡਾਲਰ ਦਾ ਕਰਜ਼ਾ

Monday, Sep 16, 2019 - 09:52 PM (IST)

ਪਾਕਿ ਨੇ ਕਰਤਾਰਪੁਰ ਲਾਂਘੇ ਲਈ ਵਿਸ਼ਵ ਬੈਂਕ ਤੋਂ ਲਿਆ ਸੀ 50 ਲੱਖ ਡਾਲਰ ਦਾ ਕਰਜ਼ਾ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)-ਅੱਜ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਲਾਂਘਾ ਬਣਾਉਣ ਦੀ ਗੱਲ ਕਰ ਕੇ ਪਾਕਿਸਤਾਨ ਆਪਣੇ-ਆਪ ਨੂੰ ਧਰਮ ਨਿਰਪੱਖ ਦੇਸ਼ ਹੋਣ ਦਾ ਦਾਅਵਾ ਕਰ ਰਿਹਾ ਹੈ ਪਰ ਦੱਸਣਯੋਗ ਹੈ ਕਿ ਉਹ ਲਾਂਘਾ ਪਾਕਿਸਤਾਨ ਸਰਕਾਰ ਦੇ ਰਾਜ ਪੰਜਾਬ ਦੇ ਪੰਜਾਬ ਟੂਰਜ਼ਿਮ ਫਾਰ ਇਕਨੋਮਿਕ ਗ੍ਰੋਥ ਪ੍ਰੋਜੈਕਟ ਦਾ ਹਿੱਸਾ ਹੈ, ਜਿਸ ਲਈ ਪਾਕਿਸਤਾਨ ਸਰਕਾਰ ਨੇ ਵਿਸ਼ਵ ਬੈਂਕ ਤੋਂ 50 ਲੱਖ ਡਾਲਰ ਦਾ ਕਰਜ਼ਾ ਮਾਰਚ 2017 ਵਿਚ ਹੀ ਮਨਜ਼ੂਰ ਕਰਵਾਇਆ ਹੋਇਆ ਹੈ।

ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਰਾਜ ਵਿਚ ਸੈਰ-ਸਪਾਟਾ ਨੂੰ ਬੜਾਵਾ ਦੇਣ ਲਈ ਸਾਲ 2016 ਵਿਚ ਇਕ ਯੋਜਨਾ ਬਣਾ ਕੇ ਵਿਸ਼ਵ ਬੈਂਕ ਨੂੰ ਭੇਜੀ ਸੀ, ਜਿਸ ਵਿਚ ਗੁ. ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ, ਕਟਾਸਰਾਜ, ਗੁ. ਰੋੜੀ ਸਾਹਿਬ, ਗੁ. ਸੱਚਾ ਸੌਦਾ ਸਾਹਿਬ ਸਮੇਤ ਮਹਾਤਮਾ ਬੁੱਧ ਦੀਆਂ ਮੂਰਤੀਆਂ ਨੂੰ ਵੇਖਣ ਲਈ ਸੜਕਾਂ ਦਾ ਨਿਰਮਾਣ ਕਰਵਾਉਣਾ ਸ਼ਾਮਲ ਸੀ। ਇਸ ਪ੍ਰੋਜੈਕਟ ਨੂੰ ਵਿਸ਼ਵ ਬੈਂਕ ਨੇ ਮਾਰਚ 2017 ਵਿਚ ਮਨਜ਼ੂਰੀ ਦਿੱਤੀ ਸੀ ਅਤੇ ਤੁਰੰਤ ਕੰਮ ਸ਼ੁਰੂ ਕਰਨ ਨੂੰ ਕਿਹਾ ਸੀ ਪਰ 2 ਸਾਲ ਬੀਤ ਜਾਣ ਦੇ ਬਾਅਦ ਵੀ ਇਸ ਪ੍ਰੋਜੈਕਟ 'ਤੇ ਕੋਈ ਕੰਮ ਸ਼ੁਰੂ ਨਹੀਂ ਹੋਇਆ। ਬੀਤੇ ਸਾਲ ਇਸ ਪ੍ਰੋਜੈਕਟ ਦੇ ਵਿਸ਼ਵ ਬੈਂਕ ਵੱਲੋਂ ਰੱਦ ਕਰ ਦਿੱਤੇ ਜਾਣ ਦੇ ਖਤਰੇ ਤੋਂ ਬਚਣ ਲਈ ਪਾਕਿਸਤਾਨ ਸਰਕਾਰ ਨੇ ਲਾਂਘੇ ਨੂੰ ਪਹਿਲ ਦੇ ਕੇ ਉਸ 'ਤੇ ਕੰਮ ਸ਼ੁਰੂ ਕਰਵਾ ਦਿੱਤਾ ਸੀ ਤਾਂ ਕਿ ਪ੍ਰੋਜੈਕਟ ਰਾਸ਼ੀ ਵਿਸ਼ਵ ਬੈਂਕ ਵਾਪਸ ਨਾ ਮੰਗ ਲਵੇ।

ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਨੇ ਉਪਰੋਕਤ ਲਾਂਘੇ ਨੂੰ ਸਭ ਤੋਂ ਜ਼ਿਆਦਾ ਆਮਦਨ ਵਾਲਾ ਸੈਰ-ਸਪਾਟਾ ਪ੍ਰੋਜੈਕਟ ਮੰਨ ਕੇ ਇਸ 'ਤੇ ਕੰਮ ਸ਼ੁਰੂ ਕੀਤਾ ਸੀ ਅਤੇ ਇਹੀ ਕਾਰਣ ਹੈ ਕਿ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਜਜ਼ੀਆ ਦੀ ਤਜਵੀਜ਼ ਪਾਕਿਸਤਾਨ ਸਰਕਾਰ ਨੇ ਰੱਖੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਬੈਂਕ ਪ੍ਰੋਜੈਕਟ ਰਿਪੋਰਟ ਵਿਚ ਪਾਕਿਸਤਾਨ ਸਰਕਾਰ ਨੇ ਪਹਿਲਾਂ ਹੀ ਲਿਖ ਕੇ ਦਿੱਤਾ ਸੀ ਕਿ ਉਨ੍ਹਾਂ ਨੂੰ ਕਰਤਾਰਪੁਰ ਕਾਰੀਡੋਰ ਨਾਲ ਹਰ ਸਾਲ ਮੋਟੀ ਆਮਦਨ ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਉਹ ਕਰਜ਼ਾ ਜਲਦੀ ਵਾਪਸ ਕਰ ਸਕਦੇ ਹਨ।
ਪ੍ਰੋਜੈਕਟ ਰਿਪੋਰਟ ਵਿਚ ਕਟਾਸਰਾਜ ਯਾਤਰਾ ਤੋਂ ਵੀ ਪ੍ਰਤੀ ਸ਼ਰਧਾਲੂ 20 ਡਾਲਰ ਜਜ਼ੀਆ ਲਾਉਣ ਬਾਰੇ ਲਿਖਿਆ ਗਿਆ ਹੈ। ਵਿਸ਼ਵ ਬੈਂਕ ਨੇ ਅਗਸਤ 2018 ਵਿਚ ਪ੍ਰੋਜੈਕਟ ਦੇ ਸ਼ੁਰੂ ਹੋਣ 'ਚ ਕੀਤੀ ਜਾ ਰਹੀ ਦੇਰੀ ਦਾ ਮੁੱਦਾ ਪਾਕਿਸਤਾਨ ਕੋਲ ਉਠਾਇਆ ਸੀ ਅਤੇ ਸਪੱਸ਼ਟ ਕਿਹਾ ਸੀ ਕਿ ਜੇ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਨਹੀਂ ਕੀਤਾ ਗਿਆ ਤਾਂ ਵਿਸ਼ਵ ਬੈਂਕ ਪ੍ਰੋਜੈਕਟ ਰੱਦ ਕਰ ਦੇਵੇਗਾ। ਇਸ ਕਾਰਣ ਬੀਤੇ ਦਿਨੀਂ ਜਲਦੀ-ਜਲਦੀ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਕਾਰੀਡੋਰ ਬਣਾਉਣ ਦਾ ਐਲਾਨ ਕੀਤਾ ਸੀ। ਪਾਕਿਸਤਾਨ ਸਰਕਾਰ ਹੁਣ ਕਟਾਸਰਾਜ ਸਮੇਤ ਪ੍ਰੋਜੈਕਟ ਦੇ ਹੋਰ ਸ਼ਾਮਲ ਧਾਰਮਕ ਸਥਾਨਾਂ ਅਤੇ ਸੜਕਾਂ ਦਾ ਨਿਰਮਾਣ ਵੀ ਸ਼ੁਰੂ ਕਰਨ ਜਾ ਰਹੀ ਹੈ। ਵਿਸ਼ਵ ਬੈਂਕ ਦੀ ਪਾਕਿਸਤਾਨ ਵਿਚ ਸਤੰਬਰ ਦੇ ਅੰਤ ਵਿਚ ਹੋਣ ਵਾਲੀ ਮੀਟਿੰਗ ਵਿਚ ਪਾਕਿਸਤਾਨ ਨੇ ਇਹ ਵੀ ਦੱਸਣਾ ਹੈ ਕਿ ਉਨ੍ਹਾਂ ਨੇ ਇਸ ਪ੍ਰੋਜੈਕਟ ਅਧੀਨ ਕੀ-ਕੀ ਕਦਮ ਉਠਾਏ ਹਨ ਅਤੇ ਹੋਰ ਪ੍ਰੋਜੈਕਟ ਦੀ ਸਥਿਤੀ ਕੀ ਹੈ?


author

Karan Kumar

Content Editor

Related News