ਪਾਕਿਸਤਾਨ ਗੁਰਦੁਆਰਿਆਂ ਨੂੰ ਫ਼ਿਲਮਾਂ ਲਈ ਸ਼ੂਟਿੰਗ ਕੇਂਦਰ ਨਾ ਬਣਨ ਦੇਵੇ : ਪ੍ਰੋ. ਸਰਚਾਂਦ ਸਿੰਘ

Monday, Oct 03, 2022 - 07:59 PM (IST)

ਪਾਕਿਸਤਾਨ ਗੁਰਦੁਆਰਿਆਂ ਨੂੰ ਫ਼ਿਲਮਾਂ ਲਈ ਸ਼ੂਟਿੰਗ ਕੇਂਦਰ ਨਾ ਬਣਨ ਦੇਵੇ : ਪ੍ਰੋ. ਸਰਚਾਂਦ ਸਿੰਘ

ਅੰਮ੍ਰਿਤਸਰ (ਬਿਊਰੋ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ’ਚ ਸਥਾਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਹਦੂਦ ਅੰਦਰ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਯੂਨਿਟ ਵੱਲੋਂ ਜੁੱਤੀਆਂ ਪਾ ਕੇ ਵਿਚਰਨ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਪਾਕਿਸਤਾਨ ਦੇ ਅੰਦਰ ਘੱਟਗਿਣਤੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ, ਜਿਸ ਨੂੰ ਨਾ ਤਾਂ ਪਾਕਿਸਤਾਨ ਗੁਰਦੁਆਰਾ ਕਮੇਟੀ ਰੋਕ ਪਾ ਰਹੀ ਹੈ ਅਤੇ ਨਾ ਹੀ ਪਾਕਿਸਤਾਨ ਸਰਕਾਰ ਉਨ੍ਹਾਂ ਅਨਸਰਾਂ ਨੂੰ ਰੋਕਣ ’ਚ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਕਿਹਾ ਸਿੱਖ ਧਰਮ ਤੋਂ ਅਣਜਾਣ ਕਲਾਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਹਰਕਤਾਂ ਸਿੱਖ ਫ਼ਲਸਫ਼ੇ ਤੇ ਮਰਿਆਦਾ ’ਚ ਵਿਗਾੜ ਪਾਉਂਦੀਆਂ ਹਨ । ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੀ ਹਦੂਦ ਅੰਦਰ ਨਾਚ ਗਾਣਿਆਂ ਦੇ ਅਖਾੜਿਆਂ ਲਈ ਕੋਈ ਜਗ੍ਹਾ ਨਹੀਂ। ਉਨ੍ਹਾਂ ਕਿਹਾ ਕਿ ਫ਼ਿਲਮ ਕਾਸਟ ਦੀ ਟੀਮ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਜੇਲ੍ਹ ’ਚ ਬੰਦ ਪ੍ਰਿਯਵਰਤ ਫ਼ੌਜੀ ਸਣੇ ਇਨ੍ਹਾਂ ਗੈਂਗਸਟਰਾਂ ਨੂੰ ਲੈ ਕੇ ਹਰਜੋਤ ਬੈਂਸ ਨੇ ਆਖੀ ਵੱਡੀ 

ਇਕ ਸ਼ੂਟਿੰਗ ਦੌਰਾਨ ਦਰਜਨ ਤੋਂ ਵੱਧ ਮੁਸਲਿਮ ਕਲਾਕਾਰ ਇਸ ਪਵਿੱਤਰ ਗੁਰਦੁਆਰੇ ਦੇ ਅੰਦਰ ਪੱਗੜੀ ਬੰਨ੍ਹ ਕੇ ਫ਼ਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਕਰਕੇ ਸਿੱਖ ਹੋਣ ਦੇ ਨਾਟਕ ਦੌਰਾਨ ਅਭਿਨੇਤਾਵਾਂ ਵੱਲੋਂ ਬਹੁਤ ਹੀ ਗ਼ਲਤ ਢੰਗ ਨਾਲ ਪੱਗੜੀ ਬੰਨ੍ਹਦਿਆਂ ਸਿੱਖ ਲੁੱਕ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਿਨਾਂ ਸਿਰ ਢਕੇ ਅਤੇ ਬਿਨਾਂ ਬੂਟ ਉਤਾਰੇ ਗੁਰਦੁਆਰਾ ਸਾਹਿਬ ਦੀ ਪਵਿੱਤਰ ਹਦੂਦ ’ਚ ਹੋਣ ’ਤੇ ਪਾਕਿਸਤਾਨ ’ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਰੋਸ ਪ੍ਰਗਟ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ’ਚ ਅਜਿਹਾ ਪਿਛਲੇ ਸਾਲ ਨਵੰਬਰ ਦੌਰਾਨ ਸਿੱਖਾਂ ਦੇ ਇਸੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਵਾਪਰ ਚੁੱਕਿਆ ਹੈ, ਜਿੱਥੇ ਇਕ ਮਾਡਲ ਵੱਲੋਂ ਇਤਰਾਜ਼ਯੋਗ ਫ਼ੋਟੋ ਸ਼ੂਟ ਕੀਤਾ ਗਿਆ ਸੀ । ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਸਰਕਾਰ ਵੱਲੋਂ ਇਸੇ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਵਿਖੇ 'ਜਸ਼ਨ-ਏ-ਬਹਾਰਾਂ' ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਨੂੰ ਸਿੱਖੀ ਰਹੁਰੀਤਾਂ ਦੇ ਵਿਪਰੀਤ ਠਹਿਰਾਉਂਦਿਆਂ ਸਿੱਖ ਸੰਗਤਾਂ ਦੇ ਸਖ਼ਤ ਵਿਰੋਧ ਕਾਰਨ ਰੱਦ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਪਹਿਲਾਂ ਗੁਰਦੁਆਰਾ ਕਰਤਾਰ ਪੁਰ ਸਾਹਿਬ ਵਿਖੇ ਸਿਗਰੇਟ ਦੇ ਰੈਪਰ ’ਚ ਸੰਗਤਾਂ ਨੂੰ ਪ੍ਰਸ਼ਾਦ ਦਿੰਦਿਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਜਾ ਚੁਕਾ ਹੈ। ਸਿੱਖੀ ਨਾਲ ਹੋ ਰਹੇ ਖਿਲਵਾੜ ’ਤੇ ਉਨ੍ਹਾਂ ਕਿਹਾ ਕਿ ’ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ’ ਅਧੀਨ ਕੰਮ ਕਰਦੀ ਪਾਕਿਸਤਾਨ ਗੁਰਦੁਆਰਾ ਕਮੇਟੀ ਇਕ ‘ਡੰਮੀ’(ਨਕਲੀ) ਕਮੇਟੀ ਸਾਬਤ ਹੋਈ ਹੈ, ਜਿਸ ਕੋਲ ਪਾਕਿਸਤਾਨ ’ਚ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਫ਼ੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ । ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਮੇਤ ਤਮਾਮ ਗੁਰਦੁਆਰੇ ਸਿੱਖਾਂ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ। ਸਿੱਖ ਸੰਗਤਾਂ ਦੀ ਗੁਰਦੁਆਰਿਆਂ ’ਚ ਬਹੁਤ ਆਸਥਾ ਤੇ ਸ਼ਰਧਾ ਹੈ। ਕਿਸੇ ਨੂੰ ਵੀ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ ਤੇ ਨਾ ਹੀ ਪਵਿੱਤਰ ਤੇ ਇਤਿਹਾਸਕ ਗੁਰਦੁਆਰਿਆਂ ਨੂੰ ਪਿਕਨਿਕ ਸਪਾਟ ਬਣਨ ਦਿੱਤਾ ਜਾ ਸਕਦਾ ਹੈ।


author

Manoj

Content Editor

Related News