ਸ੍ਰੀ ਨਨਕਾਣਾ ਸਾਹਿਬ 'ਤੇ ਹਮਲੇ ਨੂੰ ਸਿੱਖ ਭਾਈਚਾਰੇ ਨੇ ਸਿੱਖੀ 'ਤੇ ਹਮਲਾ ਕਰਾਰ ਦਿੱਤਾ

01/05/2020 11:42:25 AM

ਜਲੰਧਰ (ਸੰਜੀਵ ਸ਼ਰਮਾ) : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਨੂੰ ਲੈ ਕੇ ਭਾਰਤ ਵਿਚ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ। ਇਸ ਹਮਲੇ ਨੂੰ ਸਿੱਖ ਭਾਈਚਾਰੇ ਨੇ ਸਿੱਖੀ 'ਤੇ ਹਮਲਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਸ਼ੁੱਕਰਵਾਰ ਨੂੰ ਵੱਡੀ ਗਿਣਤੀ ਵਿਚ ਮੁਸਲਮਾਨਾਂ ਦੀ ਭੀੜ ਨੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਿੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਅੰਦਰ ਫਸ ਗਏ ਸਨ। ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਵੀਡੀਓ ਵਿਚ ਦਿਸ ਰਹੀ ਭੀੜ ਨੇ ਘੱਟ ਗਿਣਤੀ ਭਾਈਚਾਰੇ ਖਿਲਾਫ ਫਿਰਕੂ ਅਤੇ ਨਫਰਤ ਭਰੇ ਨਾਅਰੇ ਲਾਏ ਅਤੇ ਗੁਰਦੁਆਰਾ ਸਾਹਿਬ 'ਤੇ ਪਥਰਾਅ ਕੀਤਾ। ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 4 ਮੈਂਬਰੀ ਵਫਦ ਜਲਦੀ ਹੀ ਪਾਕਿਸਤਾਨ ਜਾ ਕੇ ਪੂਰੇ ਹਾਲਾਤ ਦਾ ਜਾਇਜ਼ਾ ਲਵੇਗਾ ਅਤੇ ਗੁਰਦੁਆਰਾ ਸਾਹਿਬ ਦਾ ਨਿਰੀਖਣ ਕਰਨ ਦੇ ਨਾਲ ਹੀ ਉਥੇ ਰਹਿ ਰਹੇ ਸਿੱਖਾਂ ਨਾਲ ਵੀ ਮੁਲਾਕਾਤ ਕਰੇਗਾ।

ਵਿਰੋਧ ਦੇ ਸੁਰ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਇਆ ਹਮਲਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਗੁਰਦੁਆਰਾ ਸਾਹਿਬ ਦਾ ਸਿੱਖ ਭਾਈਚਾਰੇ ਵਿਚ ਬਹੁਤ ਆਦਰ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਥੇ ਜਨਮ ਲਿਆ ਸੀ। ਅਸੀਂ ਆਪਣੇ ਧਾਰਮਿਕ ਅਸਥਾਨਾਂ 'ਤੇ ਅਜਿਹੇ ਹਮਲੇ ਬਰਦਾਸ਼ਤ ਨਹੀਂ ਕਰਾਂਗੇ।
ਸੁਖਬੀਰ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ

ਇਹ ਘਟਨਾ ਉਨ੍ਹਾਂ ਲੋਕਾਂ ਦੀ ਕੜਵਾਹਟ ਅਤੇ ਉਕਸਾਹਟ ਦਾ ਨਤੀਜਾ ਹੈ ਜੋ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨਹੀਂ ਖੁੱਲ੍ਹਣ ਦੇਣਾ ਚਾਹੁੰਦੇ ਸਨ। ਇਸ ਪਵਿੱਤਰ ਅਸਥਾਨ 'ਤੇ ਪਥਰਾਅ ਕਰ ਕੇ ਸਿੱਖ ਕੌਮ ਵਿਰੋਧੀ ਨਾਅਰੇ ਲਾਉਣਾ ਇਸ ਪਾਸੇ ਇਸ਼ਾਰਾ ਕਰਦਾ ਹੈ ਕਿ ਪਾਕਿ ਵਿਚ ਬੈਠੇ ਸ਼ਰਾਰਤੀ ਲੋਕ ਸਿੱਖਾਂ ਅਤੇ ਮੁਸਲਮਾਨਾਂ ਨੂੰ ਲੜਾਉਣਾ ਚਾਹੁੰਦੇ ਹਨ।
ਜਥੇ. ਸੇਵਾ ਸਿੰਘ ਸੇਖਵਾਂ, ਸਾਬਕਾ ਮੰਤਰੀ

ਜੇਕਰ ਨਨਕਾਣਾ ਸਾਹਿਬ ਵਿਚ ਸਿੱਖ ਨਹੀਂ ਰਹਿਣਗੇ ਤਾਂ ਪੰਜਾਬ ਵਿਚ ਵੀ ਕੋਈ ਮੁਸਲਮਾਨ ਨਹੀਂ ਰਹਿਣ ਦੇਵਾਂਗੇ। ਗੁਰਦੁਆਰਾ ਸਾਹਿਬ 'ਤੇ ਹਮਲਾ ਅਤੇ ਘੱਟ ਗਿਣਤੀ ਸਿੱਖ ਪਰਿਵਾਰਾਂ ਨੂੰ ਸ੍ਰੀ ਨਨਕਾਣਾ ਸਾਹਿਬ ਛੱਡਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬੇਹੱਦ ਨਿੰਦਣਯੋਗ ਹਨ। ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਮਾਹੌਲ ਵਿਗਾੜਨ ਦੇ ਹੱਕ ਵਿਚ ਨਹੀਂ ਪਰ ਜੇਕਰ ਸਿੱਖ ਪਰਿਵਾਰਾਂ ਨਾਲ ਕੋਈ ਧੱਕਾ ਹੋਇਆ ਤਾਂ ਸਹਿਣ ਨਹੀਂ ਕਰਾਂਗੇ।
ਅਮਰਬੀਰ ਸਿੰਘ ਢੋਟ, ਪ੍ਰਧਾਨ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ

ਪਾਕਿ ਵਿਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਸੱਚਾਈ ਹੈ ਅਤੇ ਗੁਰਦੁਆਰਾ ਸਾਹਿਬ 'ਤੇ ਹਮਲੇ ਦੀ ਘਟਨਾ ਨੇ ਪਾਕਿਸਤਾਨ ਦਾ ਘਿਨੌਣਾ ਭਿਆਨਕ ਚਿਹਰਾ ਦਿਖਾਇਆ ਹੈ। ਪਹਿਲਾਂ ਨਾਬਾਲਗ ਸਿੱਖ ਲੜਕੀ ਨੂੰ ਅਗਵਾ ਕੀਤਾ ਗਿਆ, ਉਸਨੂੰ ਵਿਆਹ ਲਈ ਮਜਬੂਰ ਕੀਤਾ ਗਿਆ ਅਤੇ ਹੁਣ ਅਗਵਾ ਕਰਨ ਵਾਲੇ ਲੋਕ ਪੀੜਤ ਲੜਕੀ ਦੇ ਪਰਿਵਾਰ ਅਤੇ ਗੁਰਦੁਆਰੇ 'ਤੇ ਹਮਲਾ ਕਰ ਰਹੇ ਹਨ।
ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ ਪਰ ਉਨ੍ਹਾਂ ਦੇ ਪਵਿੱਤਰ ਗੁਰੂ ਧਾਮ ਨਨਕਾਣਾ ਸਾਹਿਬ 'ਤੇ ਪਥਰਾਅ ਕਰ ਕੇ ਸਿੱਖ ਕੌਮ ਦੇ ਖਿਲਾਫ ਘਟੀਆ ਨਾਅਰੇ ਲਾਉਣ ਦੀ ਕਾਰਵਾਈ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਇਸ ਹਮਲੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਨੇਤਾ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਦੀ ਘਟਨਾ ਨਿੰਦਣਯੋਗ ਹੈ ਅਤੇ ਉਥੋਂ ਦਾ ਪ੍ਰਸ਼ਾਸਨ ਚੁੱਪ ਕਿਉਂ ਹੈ? ਹੁਣ ਤੱਕ ਤਾਂ ਦੋਸ਼ੀਆਂ ਨੂੰ ਸਜ਼ਾ ਮਿਲ ਜਾਣੀ ਚਾਹੀਦੀ ਸੀ। ਸਿੱਖ ਭਾਈਚਾਰੇ 'ਤੇ ਹੋਏ ਹਮਲੇ ਨੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਹਾਲਾਤ ਜ਼ਾਹਿਰ ਕਰਦਿਆਂ ਪਾਕਿ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ।
ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੰਤਰੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਜੋ ਨਾਗਰਿਕਤਾ (ਸੋਧ) ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ 'ਤੇ ਪਾਕਿਸਤਾਨ 'ਚ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਦਾ ਇਕ ਵੀਡੀਓ ਕਾਂਗਰਸੀਆਂ ਨੂੰ ਦਿਖਾਉਣਾ ਚਾਹੀਦਾ ਹੈ।
ਅਨਿਲ ਵਿੱਜ, ਗ੍ਰਹਿ ਮੰਤਰੀ ਹਰਿਆਣਾ

ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਧੱਕੇਸ਼ਾਹੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਉਥੇ ਹਿੰਦੂਆਂ ਅਤੇ ਸਿੱਖਾਂ 'ਤੇ ਅਕਸਰ ਅਜਿਹੇ ਧੱਕੇਸ਼ਾਹੀ ਦੇ ਮਾਮਲੇ ਹੁੰਦੇ ਰਹੇ ਹਨ। ਅਸੀਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ। ਗੁਰਦੁਆਰਾ ਕੰਪਲੈਕਸ ਦੇ ਆਸ-ਪਾਸ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਭੀੜ ਇਕੱਠੀ ਨਹੀਂ ਹੋ ਸਕਦੀ। ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਭਾਰਤ ਸਰਕਾਰ ਨੂੰ ਵੀ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।
ਨਿਸ਼ਾਨ ਸਿੰਘ, ਪ੍ਰਧਾਨ ਜਜਪਾ

ਪਾਕਿਸਤਾਨ ਸਰਕਾਰ ਤੋਂ ਮੰਗ ਹੈ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਮਰਾਨ ਖਾਨ ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮਾਂ ਦਾ ਤੁਰੰਤ ਨੋਟਿਸ ਲੈਣ ਅਤੇ ਸਾਰੇ ਧਾਰਮਕ ਅਸਥਾਨਾਂ ਦੀ ਸੁਰੱਖਿਆ ਪੁਖਤਾ ਕੀਤੀ ਜਾਵੇ।
ਅਬਾਸ ਰਜ਼ਾ, ਵਾਈਸ ਚੇਅਰਮੈਨ ਕਾਂਗਰਸ ਘੱਟ ਗਿਣਤੀ ਸੈੱਲ


cherry

Content Editor

Related News