ਪਾਕਿਸਤਾਨ 'ਚ ਚੋਣਾਂ ਲੜਨ ਵਾਲੇ ਪਹਿਲੇ ਸਿੱਖ ਨੇਤਾ ਨੇ ਛੱਡਿਆ ਮੁਲਕ
Wednesday, Jan 22, 2020 - 05:09 PM (IST)
ਚੰਡੀਗੜ੍ਹ/ਪਟਿਆਲਾ (ਪਰਮੀਤ) : ਪਾਕਿਸਤਾਨ 'ਚ 2018 ਦੀਆਂ ਆਮ ਚੋਣਾਂ ਲੜਨ ਵਾਲੇ ਪਹਿਲੇ ਸਿੱਖ ਨੇਤਾ ਰਾਦੇਸ਼ ਸਿੰਘ ਉਰਫ ਟੋਨੀ ਨੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਦਿੱਤਾ ਹੈ ਤੇ ਉਹ ਕਿਸੇ ਅਣਦੱਸੀ ਥਾਂ 'ਤੇ ਸ਼ਿਫਟ ਹੋ ਗਿਆ ਹੈ।ਜਾਣਕਾਰੀ ਮੁਤਾਬਕ ਰਾਦੇਸ਼ ਸਿੰਘ ਨੇ ਆਪਣੇ ਮੂਲ ਇਲਾਕੇ ਪੇਸ਼ਾਵਰ ਤੋਂ ਚੋਣਾਂ ਲੜੀਆਂ ਸਨ, ਜਿਸ ਮਗਰੋਂ ਉਸ ਨੂੰ ਧਮਕੀਆਂ ਮਿਲਣ ਲੱਗ ਪਈਆਂ ਸਨ ਜਿਸਦੇ ਚਲਦੇ ਉਹ ਲਾਹੌਰ ਸ਼ਿਫਟ ਹੋ ਗਿਆ ਤੇ ਹੁਣ ਉਸਨੇ ਮੁਲਕ ਹੀ ਛੱਡ ਦਿੱਤਾ ਹੈ।ਅਣਦੱਸੀ ਥਾਂ ਤੋਂ ਜਾਰੀ ਵੀਡੀਓ ਸੰਦੇਸ਼ ਵਿਚ ਰਾਦੇਸ਼ ਸਿੰਘ ਨੇ ਕਿਹਾ ਕਿ 2018 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਧਮਕੀ ਮਿਲੀ ਤੇ ਉਸ ਮਗਰੋਂ ਨਾਂ ਮਾਲੂਮ ਅਪਰਾਧੀਆਂ ਨੇ ਉਨ੍ਹਾਂ ਨੂੰ ਤੰਗ ਕੀਤਾ ਤੇ ਇਸ ਕਰਕੇ ਲਾਹੌਰ ਤੱਕ ਉਸਦੇ ਪਿੱਛੇ ਆ ਗਏ ਅਤੇ ਉਸ ਨੂੰ ਮਜਬੂਰ ਹੋ ਕੇ ਦੂਜੇ ਮੁਲਕ ਸ਼ਿਫਟ ਹੋਣਾ ਪਿਆ।ਹੁਣ ਉਹ ਸੁਰੱਖਿਅਤ ਹੈ।
ਉਸਨੇ ਕਿਹਾ ਕਿ ਇਸ ਵੇਲੇ ਦੇ ਹਾਲਾਤ ਅਜਿਹੇ ਹਨ ਕਿ ਉਹ ਦੱਸ ਨਹੀਂ ਸਕਦਾ ਕਿ ਉਹ ਕਿਥੇ ਹੈ ਪਰ ਜਲਦ ਹੀ ਮੀਡੀਆ ਰਾਹੀਂ ਦੱਸੇਗਾ ਕਿ ਕਿਥੇ ਹੈ।ਉਸਨੇ ਕਿਹਾ ਕਿ ਉਸਨੇ ਹਕੂਮਤ ਏ ਪਾਕਿਸਤਾਨ ਨੂੰ ਸੋਸ਼ਲ ਮੀਡੀਆ ਰਾਹੀਂ ਬਹੁਤ ਅਪੀਲਾਂ ਕੀਤੀਆਂ ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਸਦੀ ਅਤੇ ਉਸਦੇ ਬੱਚਿਆਂ ਦੀ ਜਾਨ ਨੂੰ ਖਤਰਾ ਸੀ ਜਿਸ ਨੂੰ ਵੇਖਦਿਆਂ ਉਸਨੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਾਸਤੇ ਦੇਸ਼ ਛੱਡਿਆ।ਉਸਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਿਥੇ ਉਹ ਹੈ, ਇਥੋਂ ਜਲਦ ਹੀ ਉਸਨੂੰ ਸ਼ਿਫਟ ਕੀਤਾ ਜਾਵੇ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਸਨੂੰ ਪ੍ਰੇਸ਼ਾਨੀਆਂ ਤੋਂ ਜਲਦ ਛੁਟਕਾਰਾ ਦਿਵਾਇਆ ਜਾਵੇ।