ਪਾਕਿਸਤਾਨ ਕਦੇ ਵੀ ਭਾਰਤ ਦਾ ਹਿਤੈਸ਼ੀ ਨਹੀਂ ਬਣ ਸਕਦਾ : ਧਰਮਸੋਤ
Monday, Dec 02, 2019 - 04:02 PM (IST)

ਨਾਭਾ (ਪੁਰੀ, ਭੂਪਾ) : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਪਾਕਿਸਤਾਨ ਕਦੇ ਵੀ ਭਾਰਤ ਦਾ ਹਿਤੈਸ਼ੀ ਨਹੀ ਬਣ ਸਕਦਾ। ਇਸ ਲਈ ਪਾਕਿਸਤਾਨ 'ਤੇ ਕਦੇ ਵੀ ਇਤਬਾਰ ਨਹੀਂ ਕੀਤਾ ਜਾ ਸਕਦਾ। ਕੈਬਨਿਟ ਮੰਤਰੀ ਧਰਮਸੋਤ ਅੱਜ ਨਾਭਾ ਹਲਕੇ ਦੇ ਪਿੰਡ ਬਨੇਰਾ ਵਿਖੇ ਮੈਡੀਕਲ ਚੈਕਅੱਪ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਸਨ। ਉਨ੍ਹਾਂ ਪਾਕਿਸਤਾਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਆਖਿਆ ਕਿ ਪਾਕਿਸਤਾਨ ਵਿਚ ਸਿਆਸੀ ਲੋਕਾਂ ਕੋਲ ਕੋਈ ਤਾਕਤ ਨਹੀਂ ਹੈ, ਸਗੋ ਉਥੇ ਤਾਂ ਸਭ ਤਾਕਤਾਂ ਫੌਜ ਦੇ ਹੱਥ ਵਿਚ ਹਨ। ਇਸ ਲਈ ਉਥੋਂ ਦੇ ਅਧਿਕਾਰੀ ਕੋਈ ਵੀ ਬਿਆਨਬਾਜ਼ੀ ਕਰ ਸਕਦੇ ਹਨ।
ਕੈਬਨਿਟ ਮੰਤਰੀ ਨੇ ਕਰਤਾਰਪੁਰ ਕੋਰੀਡੋਰ ਖੁੱਲ੍ਹਣ 'ਤੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਸਦਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ 'ਤੇ ਕ੍ਰਿਪਾ ਹੋਈ ਹੈ ਤਾਂ ਹੀ ਦੋਵੇਂ ਦੇਸ਼ਾਂ ਦੀ ਸਹਿਮਤ ਨਾਲ ਇਹ ਲਾਂਘਾ ਖੁੱਲ੍ਹ ਸਕਿਆ ਹੈ।