ਪਾਕਿਸਤਾਨ ਸਰਕਾਰ ਸ਼ਰਧਾਲੂਆਂ ਦੀ ਸ਼ਰਧਾ ਨੂੰ ਵਪਾਰ ਨਾ ਬਣਾਵੇ : ਪ੍ਰੋ. ਬਡੂੰਗਰ
Friday, Oct 25, 2019 - 06:50 PM (IST)

ਮੋਹਾਲੀ (ਨਿਆਮੀਆਂ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਲਈ ਆਉਣ ਜਾਣ ਸਬੰਧੀ ਭਾਰਤ-ਪਾਕਿ ਸਰਕਾਰਾਂ ਦਰਮਿਆਨ ਹੋਏ ਸਮਝੌਤੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਬੜੇ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਸਰਵਿਸ ਫੀਸ ਵਸੂਲ ਕੇ ਪਾਕਿਸਤਾਨ ਸਰਕਾਰ ਸ਼ਰਧਾਲੂਆਂ ਦੀ ਸ਼ਰਧਾ ਨੂੰ ਵਪਾਰ ਨਾ ਬਣਾਵੇ ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ 1947 ਤੋਂ ਰੋਜ਼ਾਨਾ ਸਿੱਖ ਨਾਮਲੇਵਾ ਸੰਗਤ ਵੱਲੋਂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਬਾਰੇ ਕੀਤੀਆਂ ਜਾ ਰਹੀਆਂ ਲੱਖਾਂ ਅਰਦਾਸਾਂ ਦੀ ਬਦੌਲਤ ਹੀ ਸਾਡੇ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨੇ ਮੁਨਾਸਿਬ ਹੋਏ ਹਨ ਜਿਸ ਲਈ ਭਾਰਤ-ਪਾਕਿ ਦੋਵੇਂ ਸਰਕਾਰਾਂ ਵੀ ਵਧਾਈ ਦੀਆਂ ਪਾਤਰ ਹਨ ।