ਪਾਕਿ ਹਿੰਦੂ ਯਾਤਰੀਆਂ ਦੇ ਵੀਜ਼ੇ ''ਚ 15 ਦਿਨ ਦਾ ਵਾਧਾ, ਜਾ ਸਕਣਗੇ ਹਰਿਦੁਆਰ
Saturday, Feb 17, 2018 - 04:10 PM (IST)

ਅੰਮ੍ਰਿਤਸਰ - ਪਾਕਿਸਤਾਨ ਤੋਂ ਆਏ ਹਿੰਦੂ ਪਰਿਵਾਰ ਦੇ ਲੋਕਾਂ ਨੂੰ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਹਰਿਦੁਆਰ ਜਾ ਕੇ ਗੰਗਾ 'ਚ ਜਲ ਪ੍ਰਵਾਹ ਕਰਨ ਦਾ ਮੌਕਾ ਮਿਲ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਆਏ 142 ਹਿੰਦੂ ਤੀਰਥ ਯਾਤਰੀਆਂ ਦੇ ਵੀਜ਼ੇ ਦੀ ਮਿਆਦ 'ਚ ਕੇਂਦਰ ਸਰਕਾਰ ਨੇ 15 ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਦਿੱਲੀ ਅਤੇ ਹਰਿਦੁਆਰ ਜਾਣ ਦੀ ਆਗਿਆ ਮਿਲ ਗਈ ਹੈ।
ਪਾਕਿਸਤਾਨ ਤੋਂ ਆਏ ਇਨ੍ਹਾਂ ਯਾਤਰੀਆਂ ਨੂੰ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿਚਲੇ ਤੀਰਥ ਅਸਥਾਨ ਦੇਖਣ ਲਈ ਚਾਰ ਦਿਨ ਦਾ ਵੀਜ਼ਾ ਦਿੱਤਾ ਸੀ, ਜਿਸ ਦੀ ਮਿਆਦ ਸ਼ਨੀਵਾਰ ਨੂੰ ਖਤਮ ਹੋ ਗਈ ਸੀ। ਵੀਜ਼ੇ ਦੀ ਮਿਆਦ ਵਧਾਉਣ ਦੇ ਮਾਮਲੇ ਨੂੰ ਸਥਾਨਕ ਭਾਜਪਾ ਆਗੂਆਂ ਨੇ ਵੀਰਵਾਰ ਨੂੰ ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਦੇ ਸਾਹਮਣੇ ਉਠਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਹਿੰਦੂ ਤੀਰਥ ਯਾਤਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦੇ ਵੀਜ਼ੇ ਦੀ ਮਿਆਦ 15 ਦਿਨ ਹੋਰ ਵਧਾ ਦਿੱਤੀ ਹੈ। ਮਿਆਦ ਵੱਧਣ ਦੀ ਖੁਸ਼ੀ ਹਿੰਦੂ ਔਰਤਾਂ ਨੇ ਭੰਗੜਾ ਪਾ ਕੇ ਬਿਆਨ ਕੀਤੀ। ਇਸ ਹਿੰਦੂ ਤੀਰਥ ਯਾਤਰੀਆਂ ਦੇ ਜਥੇ ਦੀ ਅਗਵਾਈ ਕਰ ਰਹੇ ਮੁਕੇਸ਼ ਰਾਣਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਜਥੇ 'ਚ ਕੁੱਝ ਵਿਅਕਤੀ ਅਜਿਹੇ ਹਨ, ਜੋ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਹਰਿਦੁਆਰ ਗੰਗਾ ਜਲ 'ਚ ਪ੍ਰਵਾਹ ਕਰਨ ਲਈ ਲੈ ਕੇ ਆਏ ਹਨ। ਉਨ੍ਹਾਂ ਨੂੰ ਹਰਿਦੁਆਰ ਦਾ ਆਗਿਆ ਮਿਲ ਗਈ ਹੈ।