ਲੇਬਰ ਸੰਕਟ : ਚੌਥੇ ਪੜਾਅ ਅਧੀਨ ਜਲੰਧਰ ਸਮੇਤ 9 ਜ਼ਿਲ੍ਹਿਆਂ ’ਚ ਸ਼ੁਰੂ ਹੋਈ ਝੋਨੇ ਦੀ ਬਿਜਾਈ

Wednesday, Jun 21, 2023 - 04:41 PM (IST)

ਜਲੰਧਰ (ਪੁਨੀਤ) : ਪੰਜਾਬ ’ਚ ਝੋਨੇ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ ਪਰ ਲੇਬਰ ਦੀ ਉਪਲੱਬਧਤਾ ’ਚ ਪੇਸ਼ ਆ ਰਹੀਆਂ ਮੁਸ਼ਕਲਾਂ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ਲਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੇਬਰ ਸੰਕਟ ਦੇ ਹੱਲ ਲਈ ਕਿਸਾਨਾਂ ਵੱਲੋਂ ਕਈ ਤਰ੍ਹਾਂ ਦੇ ਜੁਗਾੜ ਲਾ ਕੇ ਲੇਬਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਟਿਊਬਵੈੱਲਾਂ ਦੀ ਵਰਤੋਂ ਨਾਲ ਹੋਣ ਵਾਲੀ ਬਿਜਾਈ ਦੇ ਚੌਥੇ ਪੜਾਅ ’ਚ ਜਲੰਧਰ ਸਮੇਤ 9 ਜ਼ਿਲ੍ਹਿਆਂ ’ਚ ਝੋਨੇ ਦੀ ਬਿਜਾਈ ਅੱਜ ਤੋਂ ਸ਼ੁਰੂ ਹੋ ਗਈ ਹੈ। ਪੰਜਾਬ ’ਚ ਕੁੱਲ 30 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਫਸਲ ਬੀਜੀ ਜਾ ਰਹੀ ਹੈ, ਜਿਸ ਅਧੀਨ ਸਰਕਾਰ ਵੱਲੋਂ 4 ਪੜਾਵਾਂ ’ਚ ਝੋਨੇ ਦੀ ਬਿਜਾਈ ਕਰਨ ਦਾ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ। ਇਸਦੇ ਲਈ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ। 10 ਜੂਨ ਤੋਂ ਸ਼ੁਰੂ ਹੋਈ ਝੋਨੇ ਦੀ ਬਿਜਾਈ ਅਧੀਨ ਪਹਿਲੇ ਪੜਾਅ ’ਚ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਕੰਡਿਆਲੀ ਤਾਰ ਦੇ ਨੇੜਲੇ ਇਲਾਕੇ ’ਚ ਝੋਨੇ ਦੀ ਬਿਜਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਦੂਜੇ ਪਾਸੇ ਫਿਰੋਜ਼ਪੁਰ, ਫਰੀਦਕੋਟ ਸਮੇਤ 7 ਜ਼ਿਲ੍ਹਿਆਂ ’ਚ 16 ਜੂਨ ਤੋਂ ਝੋਨੇ ਦੀ ਬਿਜਾਈ ਚੱਲ ਰਹੀ ਹੈ। ਇਸੇ ਲੜੀ ’ਚ 19 ਜੂਨ ਤੋਂ ਲੁਧਿਆਣਾ, ਰੂਪਨਗਰ, ਬਠਿੰਡਾ ਆਦਿ 7 ਜ਼ਿਲ੍ਹਿਆਂ ’ਚ ਝੋਨੇ ਦੀ ਬਿਜਾਈ ਕਰਨ ਦਾ ਕ੍ਰਮ ਚੱਲ ਰਿਹਾ ਹੈ। ਚੌਥੇ ਅਤੇ ਆਖਰੀ ਪੜਾਅ ’ਚ ਜਲੰਧਰ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਲੇਰਕੋਟਲਾ, ਬਰਨਾਲਾ ਅਤੇ ਮਾਨਸਾ ਦੇ ਕੁੱਲ 9 ਜ਼ਿਲ੍ਹਿਆਂ ’ਚ ਝੋਨੇ ਦੀ ਬਿਜਾਈ 21 ਜੂਨ ਤੋਂ ਕੀਤੀ ਜਾ ਸਕਦੀ ਹੈ, ਜਿਸ ਅਧੀਨ ਕਿਸਾਨਾਂ ਨੂੰ ਸ਼ਡਿਊਲ ਮੁਤਾਬਕ 8 ਘੰਟੇ ਬਿਜਲੀ ਦੇਣ ਦਾ ਪ੍ਰੋਗਰਾਮ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਆਪਣੇ ਕਾਨੂੰਨੀ ਹੱਕ ਲੈਣ ਲਈ ਪਿੱਛੇ ਨਹੀਂ ਹਟੇਗੀ : ਖੁੱਡੀਆਂ

ਜ਼ਮੀਨ ਹੇਠਲਾ ਪਾਣੀ ਬਚਾਉਣ ਲਈ ਸੂਬੇ ਭਰ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਸਨਮਾਨ ਵਜੋਂ 1500 ਰੁਪਏ ਪ੍ਰਤੀ ਏਕੜ ਐਲਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਟਿਊਬਵੈੱਲਾਂ ਦੀ ਵਰਤੋਂ ਕਰ ਕੇ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ 8 ਘੰਟੇ ਬਿਜਲੀ ਦੇਣ ਦੀ ਯੋਜਨਾ ਅਧੀਨ ਉਕਤ 9 ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਬਿਜਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਲਿਆ ਹੁੰਦਾ ਤਾਂ ਟਕਰਾਅ ਦੀ ਸਥਿਤੀ ਪੈਦਾ ਨਾ ਹੁੰਦੀ : ਰੰਧਾਵਾ

ਬਾਰਿਸ਼ ਨਾਲ ਸਿੱਧੀ ਬਿਜਾਈ ਦੇ ਅੰਕੜੇ ਹੋਣਗੇ ਪ੍ਰਭਾਵਿਤ
ਖੇਤੀਬਾੜੀ ਵਿਭਾਗ ਵੱਲੋਂ ਇਸ ਵਾਰ 50 ਫੀਸਦੀ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਹੈ ਪਰ ਬਾਰਿਸ਼ ਨੂੰ ਦੇਖਦਿਆਂ ਵਿਭਾਗ ਇਹ ਅੰਕੜੇ ਜੁਟਾ ਰਿਹਾ ਹੈ ਕਿ ਕਿੰਨੇ ਕਿਸਾਨਾਂ ਨੇ ਸਿੱਧੀ ਬਿਜਾਈ ਸ਼ੁਰੂ ਕੀਤੀ ਸੀ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਜ਼ਿਲ੍ਹਿਆਂ ’ਚ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਸਿੱਧੀ ਬਿਜਾਈ ਦੇ ਨਿਰਧਾਰਿਤ ਅੰਕੜੇ ਪ੍ਰਭਾਵਿਤ ਹੋਣਗੇ। ਖੇਤੀਬਾੜੀ ਵਿਭਾਗ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਉਸੇ ਹਾਲਤ ’ਚ ਕੀਤੀ ਜਾ ਸਕਦੀ ਹੈ ਜਦੋਂ ਬਿਜਾਈ ਤੋਂ ਬਾਅਦ ਘੱਟ ਤੋਂ ਘੱਟ 20 ਦਿਨ ਬਾਰਿਸ਼ ਨਾ ਹੋਵੇ। ਜੇਕਰ ਇਸ ਮਿਆਦ ਦੌਰਾਨ ਬਾਰਿਸ਼ ਹੋ ਜਾਂਦੀ ਹੈ ਤਾਂ ਜਾਂ ਖੇਤ ਨੂੰ ਪਾਣੀ ਲੱਗਦਾ ਹੈ ਤਾਂ ਬੀਜਿਆ ਹੋਇਆ ਝੋਨੇ ਦਾ ਦਾਣਾ ਜਾਂ ਤਾਂ ਬਾਹਰ ਆ ਜਾਂਦਾ ਹੈ ਜਾਂ ਫਿਰ ਪਾਣੀ ਨਾਲ ਹੀ ਖੇਤ ’ਚ ਇਕ ਜਗ੍ਹਾ ਇਕੱਠਾ ਹੋ ਜਾਂਦਾ ਹੈ। ਬਾਅਦ ’ਚ ਇਸਦਾ ਅਸਰ ਪੈਦਾਵਾਰ ’ਤੇ ਪੈਂਦਾ ਹੈ। ਇਸੇ ਅਧੀਨ ਖੇਤੀਬਾੜੀ ਵਿਭਾਗ ਸਿੱਧੀ ਬਿਜਾਈ ਦੇ ਅੰਕੜੇ ਜੁਟਾ ਰਿਹਾ ਹੈ।

ਇਹ ਵੀ ਪੜ੍ਹੋ : ਨਗਰ ਨਿਗਮ ਦੇ ਅਧਿਕਾਰੀਆਂ ਦੀ ਚਲਾਕੀ, ਜਿਥੇ-ਜਿਥੇ CM ਨੇ ਜਾਣਾ ਸੀ, ਉਨ੍ਹਾਂ ਸੜਕਾਂ ਨੂੰ ਚਮਕਾ ਦਿੱਤਾ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News