ਪੀ. ਐੱਸ. ਯੂ. ਨੇ ਮੰਤਰੀ ਧਰਮਸੌਤ ਖਿਲਾਫ ਕੱਢੀ ਭੜਾਸ
Tuesday, Jul 24, 2018 - 12:43 AM (IST)
ਰੂਪਨਗਰ, (ਵਿਜੇ)- ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਰਕਾਰੀ ਕਾਲਜ ਰੂਪਨਗਰ ਦੇ ਸਾਹਮਣੇ ਕੈਬਨਿਟ ਮੰਤਰੀ ਧਰਮਸੌਤ ਦੇ ਪੁਤਲੇ ਦੀ ਛਿੱਤਰ ਪਰੇਡ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਅਜਿਹਾ ਉਹ ਇਸ ਲਈ ਕਰ ਰਹੇ ਹਨ ਕਿ ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਸੀ ਕਿ ਐੱਸ. ਸੀ. ਵਿਦਿਆਰਥੀਆਂ ਤੋਂ ਕਿਸੇ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ, ਜਦਕਿ ਅੱਜ ਸਾਰੇ ਪੰਜਾਬ ’ਚ ਐੱਸ. ਸੀ. ਵਿਦਿਆਰਥੀ ਫੀਸ ਦੇ ਰਹੇ ਹਨ। ਜ਼ਿਲਾ ਪ੍ਰਧਾਨ ਜਗਮਨਦੀਪ ਸਿੰਘ ਨੇ ਦੱਸਿਆ ਕਿ ਐੱਸ. ਸੀ. ਵਿਦਿਆਰਥੀਆਂ ਤੋਂ ਨਾਜਾਇਜ਼ ਫੀਸਾਂ ਲੈਣ ਕਰਕੇ ਅਤੇ ਫੀਸਾਂ ’ਚ ਵਾਧਾ ਕਰਨ ਕਾਰਨ ਵਿਦਿਆਰਥੀਆਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲੋਕ ਭਲਾਈ ਦਫਤਰ ਵੱਲੋਂ ਚਿੱਠੀ ਪਾਈ ਗਈ ਸੀ ਕਿ ਐੱਸ.ਸੀ. ਵਿਦਿਆਰਥੀਆਂ ਦੀ ਪੂਰੀ ਫੀਸ ਮਾਫ ਹੈ ਅਤੇ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਨਾਨ ਰਿਫੰਡਏਵਲ ਫੀਸ ਨਹੀਂ ਲਈ ਜਾ ਸਕਦੀ ਪਰ ਬਾਅਦ ’ਚ ਸਰਕਾਰ ਵੱਲੋਂ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।
ਇਸ ਤੋਂ ਬਾਅਦ ਇਹ ਆਦੇਸ਼ ਆਇਆ ਕਿ ਵਿਦਿਆਰਥੀਆਂ ਤੋਂ ਪੀ.ਟੀ.ਏ. ਫੰਡ ਅਤੇ ਕਾਲਜ ਦੀਆਂ ਹੋਰ ਫੀਸਾਂ ਲਈਆਂ ਜਾ ਸਕਦੀਆਂ ਹਨ, ਜਿਸ ਦੇ ਰੋਸ ਵਜੋਂ ਪੰਜਾਬ ਭਰ ’ਚ ਵਿਦਿਆਰਥੀਆਂ ਵੱਲੋਂ ਸੰਘਰਸ਼ ਕੀਤਾ ਗਿਆ। ਇਸ ਮੌਕੇ ਪੀ.ਐੱਸ.ਯੂ. ਨੇ ਮੰਗ ਕੀਤੀ ਕਿ ਛੋਟੀ ਕਿਸਾਨੀ ਅਤੇ ਦੁਕਾਨਦਾਰੀ ਭਾਵੇਂ ਕਿਸੇ ਵੀ ਜਾਤ ਨਾਲ ਸਬੰਧ ਰੱਖਦੇ ਹੋਣ, ਜਿਨ੍ਹਾਂ ਦੀ ਆਮਦਨ ਢਾਈ ਲੱਖ ਤੋਂ ਘੱਟ ਹੈ ਉਨ੍ਹਾਂ ਦੇ ਬੱਚਿਆਂ ਦੀ ਪੂਰੀ ਫੀਸ ਮੁਆਫ ਕੀਤੀ ਜਾਵੇ। ਇਸ ਮੌਕੇ ਕੁਲਬੀਰ ਸਿੰਘ, ਮਨਜੋਤ ਸਿੰਘ, ਅਮਨਦੀਪ ਕੌਰ, ਬਿਕਰਮਜੀਤ, ਨਾਰਾਇਣ ਸੈਣੀ, ਗੁਰਵਿੰਦਰ, ਗੁਰਮੀਤ ਆਦਿ ਹਾਜ਼ਰ ਸਨ।
ਨਵਾਂਸ਼ਹਿਰ, (ਤ੍ਰਿਪਾਠੀ)- ਪੰਜਾਬ ਸਟੂਡੈਂਟ ਯੂਨੀਅਨ ਨੇ ਅੱਜ ਪੋਸਟ ਮੈਟ੍ਰਿਕ ਸਕੀਮ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ’ਚ ਅਸਫਲ ਰਹਿਣ ਅਤੇ ਐੱਸ. ਸੀ. ਬੀ. ਸੀ.ਵਿਦਿਆਰਥੀਆਂ ਤੋਂ ਜਬਰੀ ਫੀਸਾਂ ਵਸੂਲੇ ਜਾਣ ਦੇ ਮਾਮਲੇ ਨੂੰ ਲੈ ਕੇ ਚੰਡੀਗਡ਼੍ਹ ਰੋਡ ’ਤੇ ਸਥਿਤ ਆਈ.ਟੀ.ਆਈ. ਦੇ ਬਾਹਰ ਐੱਸ.ਸੀ.ਬੀ.ਸੀ. ਭਲਾਈ ਮੰਤਰੀ ਧਰਮਸੌਤ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਅਾਂ ਪੀ.ਐੱਸ.ਯੂ. ਦੇ ਦੋਆਬਾ ਜ਼ੋਨ ਦੇ ਪ੍ਰਧਾਨ ਬਲਜੀਤ ਸਿੰਘ ਧਰਮਕੋਟ ਨੇ ਕਿਹਾ ਕਿ ਪੰਜਾਬ ਦੀ ਸਮੂਹ ਸਿੱਖਿਆ ਸੰਸਥਾਵਾਂ ’ਚ ਐੱਸ.ਸੀ.ਬੀ.ਸੀ. ਵਿਦਿਆਰਥੀਆਂ ਤੋਂ ਫੀਸਾਂ ਵਸੂਲੀਆਂ ਜਾ ਰਹੀਅਾਂ ਹਨ, ਜਦੋਂਕਿ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕੀਮ ਤਹਿਤ ਉਨ੍ਹਾਂ ਦੀਅਾਂ ਫੀਸਾਂ ਮੁਆਫ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਕਾਲਜਾਂ ਨੂੰ ਅਾਪਣੇ ਆਮਦਨ ਸਰੋਤ ਪੈਦਾ ਕਰਨ ਦੀਆਂ ਹਦਾਇਤਾਂ ਦਿੱਤੀਅਾਂ ਜਾ ਰਹੀਅਾਂ ਹਨ, ਜਿਸ ਦਾ ਬੋਝ ਬੱਚਿਅਾਂ ਦੇ ਮਾਪਿਅਾਂ ’ਤੇ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦਲਿਤ ਬੱਚਿਅਾਂ ਸਮੇਤ ਸਮੂਹ ਵਰਗਾਂ ਦੇ ਬੱਚਿਅਾਂ ਤੋਂ ਪੀ.ਟੀ.ਏ. ਫੰਡ ਲੈਣਾ ਬੰਦ ਕੀਤਾ ਜਾਵੇ। ਇਸ ਮੌਕੇ ਅਮਨਦੀਪ ਕੌਰ, ਜਸਵਿੰਦਰ ਕੌਰ, ਸੀਮਾ ਰਾਣੀ, ਸੰਦੀਪ ਭਾਰਟਾ, ਅੰਜਲੀ, ਜਸਵੀਰ ਕੌਰ, ਗੁਰਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਹਾਜ਼ਰ ਸਨ।
