ਨਸ਼ੇ ਦੀ ਓਵਰ ਡੋਜ਼ ਨਾਲ ਪਿੰਡ ਲੰਗੇਰੀ ਦੇ 25 ਸਾਲਾ ਨੌਜਵਾਨ ਦੀ ਮੌਤ

Tuesday, Sep 12, 2023 - 05:56 PM (IST)

ਨਸ਼ੇ ਦੀ ਓਵਰ ਡੋਜ਼ ਨਾਲ ਪਿੰਡ ਲੰਗੇਰੀ ਦੇ 25 ਸਾਲਾ ਨੌਜਵਾਨ ਦੀ ਮੌਤ

ਬੰਗਾ (ਰਾਕੇਸ਼ ਅਰੋੜਾ) : ਇੱਥੋ ਨਜ਼ਦੀਕ ਪੈਂਦੇ ਪਿੰਡ ਲੰਗੇਰੀ ਵਿਖੇ ਨਸ਼ੇ ਦੀ ਓਵਰ ਡੋਜ਼ ਨਾਲ 25 ਸਾਲਾ ਨੌਜਵਾਨ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਦਰ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਮ੍ਰਿਤਕ ਅਮਨ ਕੁਮਾਰ ਦੇ ਭਰਾ ਰਮਨ ਕੁਮਾਰ ਪੁੱਤਰ ਤਰਸੇਮ ਲਾਲ ਨਿਵਾਸੀ ਪਿੰਡ ਲੰਗੇਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸਦਾ ਭਰਾ ਬੀਤੀ 10 ਸਤੰਬਰ ਨੂੰ ਆਪਣੇ ਸਕੂਟਰ ਨੰਬਰ ਪੀ ਬੀ 32 ਐਲ 0753 ’ਤੇ ਸਵਾਰ ਹੋ ਕੇ ਮਾਤਾ ਮਈਆ ਜੀ ਦਰਬਾਰ ਫਿਲੌਰ ਵਿਖੇ ਮੇਲਾ ਦੇਖਣ ਗਿਆ ਸੀ। ਉਸ ਨੇ ਦੱਸਿਆ ਕਿ ਮਿਤੀ 11 ਸਤੰਬਰ ਨੂੰ ਰਿੱਕੀ ਪੁੱਤਰ ਵਿਜੈ ਕੁਮਾਰ ਅਤੇ ਮਨੀ ਪੁੱਤਰ ਕੁਮਾਰ ਪੁੱਤਰ ਰਛਪਾਲ ਸਿੰਘ ਦੋਵੇਂ ਨਿਵਾਸੀ ਮੱਲੂਪੋਤਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਉਸਦੇ ਭਰਾ ਦੇ ਸਕੂਟਰ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਘਰ ਪੁੱਜੇ। 

ਉਸ ਨੇ ਦੱਸਿਆ ਕਿ ਸਕੂਟਰ ਨੂੰ ਉਸਦੇ ਭਰਾ ਦਾ ਦੋਸਤ ਮਨੀ ਚਲਾ ਰਿਹਾ ਸੀ ,ਜਦਕਿ ਦੂਜਾ ਦੋਸਤ ਰਿੱਕੀ ਪਿੱਛੇ ਬੈਠਾ ਹੋਇਆ ਸੀ ਅਤੇ ਉਸ ਦਾ ਭਰਾ ਅਮਨ ਬੇਹੋਸ਼ੀ ਦੀ ਹਾਲਤ ਵਿਚ ਦੋਵਾਂ ਦੇ ਵਿਚਕਾਰ ਬੈਠਾ ਹੋਇਆ ਸੀ। ਉਕਤ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਪ੍ਰਬੰਧ ਕਰਕੇ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਕਤ ਮੁਤਾਬਕ ਉਸ ਦਾ ਭਰਾ ਨਸ਼ੇ ਦਾ ਆਦਿ ਸੀ ਅਤੇ ਉਸ ਦੇ ਭਰਾ ਅਮਨ ਦੀ ਮੌਤ ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਉਕਤ ਹੋਈ ਮੋਤ ਦੀ ਸੂਚਨਾ ਬੰਗਾ ਸਦਰ ਪੁਲਸ ਨੂੰ ਦਿੱਤੀ ਗਈ ਜੋ ਕਿ ਸੂਚਨਾ ਮਿਲਦੇ ਹੀ ਏ. ਐੱਸ. ਆਈ. ਸਿਕੰਦਰਪਾਲ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਅਤੇ ਮ੍ਰਿਤਕ ਅਮਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News