5 ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

Wednesday, Apr 24, 2019 - 05:49 PM (IST)

5 ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ਜਿਸ ਨੂੰ ਚਿੱਟੇ ਦੀ ਰਾਜਧਾਨੀ ਵਜੋਂ ਮਸ਼ਹੂਰ ਮੰਨਿਆ ਜਾਂਦਾ ਹੈ, ਹੁਣ ਫਿਰ ਜ਼ਹਿਰ ਉਗਲਣ ਲੱਗ ਪਿਆ ਹੈ ਅਤੇ ਅੱਜ ਇਸ ਪਿੰਡ 'ਚ ਨਸ਼ੇ ਦੀ ਓਵਰਡੋਜ਼ ਕਾਰਨ 5 ਭੈਣਾਂ ਦੇ ਇਕਲੌਤੇ ਭਰਾ ਸ਼ੇਰਾ (22) ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਚੌਂਤਾ ਦੇ ਨੇੜਲੇ ਪਿੰਡ ਬੂਥਗੜ੍ਹ ਸਸਰਾਲੀ ਦਾ ਨਿਵਾਸੀ ਸ਼ੇਰਾ ਵਿਆਹਾਂ ਵਿਚ ਡੀ.ਜੇ ਲਗਾਉਣ ਦਾ ਕੰਮ ਕਰਦਾ ਸੀ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਨਸ਼ੇ ਕਰਨ ਦਾ ਆਦੀ ਸੀ। ਬੁੱਧਵਾਰ ਸਵੇਰੇ ਕਰੀਬ 8 ਵਜੇ ਉਹ ਘਰੋਂ ਕੁੱਝ ਖਾਧੇ-ਪੀਤੇ ਬਿਨਾਂ ਹੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਚੌਂਤੇ ਗਿਆ ਅਤੇ ਉਥੇ ਜਾ ਕੇ ਉਸਨੇ ਨਸ਼ੇ ਦਾ ਸੇਵਨ ਕੀਤਾ। ਨਸ਼ੇ ਦਾ ਸੇਵਨ ਕਰਨ ਉਪਰੰਤ ਜਿਉਂ ਹੀ ਉਹ ਪੈਟਰੋਲ ਪੰਪ ਕੋਲ ਪੁੱਜਾ ਤਾਂ ਉਸ ਨੂੰ ਘਬਰਾਹਟ ਹੋਈ ਤਾਂ ਉਹ ਪੰਪ 'ਤੇ ਬਣੇ ਬਾਥਰੂਮ ਵਿਚ ਪਾਣੀ ਪੀਣ ਲੱਗਾ ਅਤੇ ਡਿੱਗ ਪਿਆ, ਜਿਸ ਕਾਰਨ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। 
ਓਵਰਡੋਜ਼ ਕਾਰਨ ਮੌਤ ਦੇ ਮੂੰਹ 'ਚ ਗਏ ਨੌਜਵਾਨ ਦੀਆਂ ਬਾਹਾਂ 'ਤੇ ਟੀਕੇ ਦੇ ਨਿਸ਼ਾਨ ਵੀ ਸਨ। ਮ੍ਰਿਤਕ ਨੌਜਵਾਨ ਦੀ ਮਾਂ ਨੇ ਜਦੋਂ ਆਪਣੇ ਪੁੱਤ ਦੀ ਲਾਸ਼ ਦੇਖੀ ਤਾਂ ਉਹ ਬੇਹੋਸ਼ ਹੋ ਕੇ ਡਿੱਗ ਗਈ ਜਦਕਿ ਸ਼ੇਰਾ ਦੀਆਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News