ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਪ੍ਰਤੀ ਮੂਕ ਦਰਸ਼ਕ ਬਣੇ ਹਨ ਕੈਪਟਨ : ਮਾਨ

Wednesday, May 29, 2019 - 11:48 PM (IST)

ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਪ੍ਰਤੀ ਮੂਕ ਦਰਸ਼ਕ ਬਣੇ ਹਨ ਕੈਪਟਨ : ਮਾਨ

ਚੰਡੀਗੜ੍ਹ (ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਤੀ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਬਾਰੇ ਡੂੰਘੀ ਚਿੰਤਾ ਅਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਇਸ ਤ੍ਰਾਸਦੀ 'ਤੇ ਮੂਕ ਦਰਸ਼ਕ ਕਿਉਂ ਬਣੇ ਹੋਏ ਹਨ? ਪਾਰਟੀ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਦੇ 10 ਸਾਲਾ ਮਾਫ਼ੀਆ ਰਾਜ ਦੌਰਾਨ ਖ਼ਤਰਨਾਕ ਹੱਦ ਤੱਕ ਫੈਲੀ ਨਸ਼ਿਆਂ ਦੀ ਬੀਮਾਰੀ ਨੇ ਪੰਜਾਬ ਦੇ ਲੱਖਾਂ ਘਰ ਤਬਾਹ ਕਰ ਦਿੱਤੇ ਪਰ ਨਸ਼ਿਆਂ ਅਤੇ ਨਸ਼ਾ ਸਮੱਗਲਰਾਂ ਦਾ ਸਿਰਫ਼ 4 ਹਫ਼ਤਿਆਂ 'ਚ ਸਫ਼ਾਇਆ ਕਰਨ ਲਈ ਸ੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਬੁਰੀ ਤਰ੍ਹਾਂ ਅਸਫਲ ਰਹੇ ਹਨ ਕਿਉਂਕਿ ਮੁੱਖ ਮੰਤਰੀ ਦੇ ਏਜੰਡੇ ਉੱਤੇ ਪੰਜਾਬ ਦੇ ਨੌਜਵਾਨਾਂ ਪ੍ਰਤੀ ਕੋਈ ਚਿੰਤਾ ਹੀ ਨਹੀਂ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨੇ ਆਪਣੇ ਵਾਅਦੇ ਮੁਤਾਬਿਕ ਨਸ਼ਿਆਂ ਦਾ ਖ਼ਾਤਮਾ ਕੀਤਾ ਹੁੰਦਾ ਅਤੇ ਘਰ-ਘਰ ਨੌਕਰੀ ਦਿੱਤੀ ਹੁੰਦੀ ਤਾਂ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤ ਪਿੱਛੋਂ ਅਖ਼ਬਾਰੀ ਸੁਰਖ਼ੀਆਂ ਨਾ ਬਣਦੇ। ਮਾਨ ਨੇ ਪਟਿਆਲਾ ਦੇ 22 ਸਾਲਾ ਨੌਜਵਾਨ ਦੀ ਰੋਪੜ ਜ਼ਿਲੇ 'ਚ ਹੋਈ ਮੌਤ 'ਤੇ ਦੁੱਖ ਜਤਾਉਂਦਿਆਂ ਕਿਹਾ ਕਿ ਅਜਿਹਾ ਕੋਈ ਦਿਨ ਨਹੀਂ ਲੰਘਦਾ ਜਦੋਂ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਦਮ ਨਾ ਤੋੜਦਾ ਹੋਵੇ। ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸਿਆਸੀ ਰਸੂਖਵਾਨਾਂ ਦੀ ਸ਼ਹਿ ਥੱਲੇ ਪੁਲਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸੂਬੇ 'ਚ ਨਸ਼ਿਆਂ ਦਾ ਕਾਲਾ ਕਾਰੋਬਾਰ ਜਿਉਂ ਦਾ ਤਿਉਂ ਚੱਲ ਰਿਹਾ ਹੈ। ਨਸ਼ੇ ਦੀ ਹੋਮ ਡਲਿਵਰੀ ਧੜੱਲੇ ਨਾਲ ਹੋ ਰਹੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਵਾਂਗ ਅੱਖਾਂ ਬੰਦ ਕਰੀ ਬੈਠੇ ਹਨ।


author

satpal klair

Content Editor

Related News