ਜਬਰ-ਜ਼ਨਾਹ ਅਤੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲਾ ਕਾਬੂ

Saturday, Aug 12, 2017 - 12:37 AM (IST)

ਜਬਰ-ਜ਼ਨਾਹ ਅਤੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲਾ ਕਾਬੂ

ਪਠਾਨਕੋਟ,   (ਸ਼ਾਰਦਾ, ਮਨਿੰਦਰ)-  ਪੁਲਸ ਥਾਣਾ ਇੰਦੌਰਾ ਦੇ ਅਧੀਨ ਪਿਛਲੇ ਦਿਨੀਂ ਹੋਈ ਇਕ ਦਰਦਨਾਕ ਘਟਨਾ ਦੇ ਮਾਮਲੇ 'ਚ ਪੁਲਸ ਨੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੇ ਦਿਨ ਤੋਂ ਹੀ ਮੁਲਜ਼ਮ ਫਰਾਰ ਚੱਲ ਰਿਹਾ ਸੀ, ਜਿਸ ਨੂੰ ਕਾਬੂ ਕਰਨ ਲਈ ਪੁਲਸ ਹਰ ਸੰਭਾਵਿਤ ਠਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਸੀ ਪਰ ਅੱਜ ਦੋਸ਼ੀ ਨੌਜਵਾਨ ਨੇ ਆਪਣੇ ਵਕੀਲ ਰਾਹੀਂ ਮਾਣਯੋਗ ਅਦਾਲਤ 'ਚ ਸਰੰਡਰ ਕਰ ਦਿੱਤਾ, ਜਿਥੋਂ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ। ਥਾਣਾ ਮੁਖੀ ਇੰਦੌਰਾ ਓਮਕਾਰ ਠਾਕੁਰ ਨੇ ਦੱਸਿਆ ਕਿ ਫਿਲਹਾਲ ਅਦਾਲਤ ਵੱਲੋਂ ਉਸ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ। ਰਿਮਾਂਡ ਦਾ ਸਮਾਂ ਵਧਾਉਣ ਲਈ ਪੁਲਸ ਅੱਜ ਮਾਣਯੋਗ ਅਦਾਲਤ 'ਚ ਅਪੀਲ ਕਰੇਗੀ।
ਜਾਣਕਾਰੀ ਅਨੁਸਾਰ 27 ਜੁਲਾਈ ਨੂੰ ਪਠਾਨਕੋਟ ਕਸਬੇ ਦੀ ਇਕ 19 ਸਾਲਾ ਪੀੜਤਾ ਵੱਲੋਂ ਪਠਾਨਕੋਟ ਥਾਣੇ 'ਚ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ 'ਚ ਉਸ ਨੇ ਦੋਸ਼ ਲਾਇਆ ਕਿ ਉਹ ਗੁਰਦਾਸਪੁਰ ਦੇ ਇਕ ਨਿੱਜੀ ਕਾਲਜ 'ਚ ਪੜ੍ਹਦੀ ਹੈ ਅਤੇ ਰੁਟੀਨ ਦੀ ਤਰ੍ਹਾਂ ਉਹ ਕਾਲਜ ਜਾਣ ਲਈ ਜਦੋਂ ਘਰੋਂ ਨਿਕਲੀ ਤਾਂ ਉਸ ਦਾ ਗੁਆਂਢੀ ਨੌਜਵਾਨ ਉਸ ਨੂੰ ਬਹਿਲਾ-ਫੁਸਲਾ ਕੇ ਡਮਟਾਲ ਖੇਤਰ ਦੇ ਇਕ ਹੋਟਲ 'ਚ ਲੈ ਗਿਆ ਅਤੇ ਨਾ ਸਿਰਫ਼ ਉਸ ਨਾਲ ਜਬਰ-ਜ਼ਨਾਹ ਕੀਤਾ ਬਲਕਿ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਨੌਜਵਾਨ ਨੇ ਉਸ ਨੂੰ ਇਸ ਬਾਰੇ ਕਿਸੇ ਨੂੰ ਵੀ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ । ਪਰ ਜਦੋਂ ਕੁਝ ਦਿਨ ਬੀਤ ਜਾਣ ਤੋਂ ਬਾਅਦ ਉਸ ਨੇ ਆਪਬੀਤੀ ਆਪਣੀ ਮਾਂ ਨੂੰ ਸੁਣਾਈ ਤਾਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਹਾਲਾਂਕਿ ਜਿਸ ਹੋਟਲ 'ਚ ਵਾਰਦਾਤ ਨੂੰ ਅੰਜਾਮ ਦੇਣ ਦਾ ਇਲਜ਼ਾਮ ਲਾਇਆ ਗਿਆ ਸੀ, ਉਹ ਪੁਲਸ ਥਾਣਾ ਇੰਦੌਰਾ ਦੀ ਚੌਕੀ ਡਮਟਾਲ ਅਧੀਨ ਹੋਣ ਕਾਰਨ ਪੰਜਾਬ ਪੁਲਸ ਨੇ ਮਾਮਲਾ ਹਿਮਾਚਲ ਪੁਲਸ ਨੂੰ ਟਰਾਂਸਫਰ ਕਰ ਦਿੱਤਾ, ਜਿਸ 'ਚ ਪੁਲਸ ਨੇ ਅੱਜ ਮੁਲਜ਼ਮ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।


Related News