ਨਤੀਜਾਮੁਖੀ ਨਵੀਂ ਆਬਕਾਰੀ ਨੀਤੀ ਸ਼ਰਾਬ ਮਾਫ਼ੀਆ ਦੇ ਤਾਬੂਤ ’ਚ ਕਿੱਲ ਹੋਵੇਗੀ ਸਾਬਤ : ਆਬਕਾਰੀ ਕਮਿਸ਼ਨਰ

Thursday, Jun 09, 2022 - 07:59 PM (IST)

ਨਤੀਜਾਮੁਖੀ ਨਵੀਂ ਆਬਕਾਰੀ ਨੀਤੀ ਸ਼ਰਾਬ ਮਾਫ਼ੀਆ ਦੇ ਤਾਬੂਤ ’ਚ ਕਿੱਲ ਹੋਵੇਗੀ ਸਾਬਤ : ਆਬਕਾਰੀ ਕਮਿਸ਼ਨਰ

ਚੰਡੀਗੜ੍ਹ (ਬਿਊਰੋ) : ਆਬਕਾਰੀ ਕਮਿਸ਼ਨਰ ਵਰੁਣ ਰੂਜਮ ਨੇ ਅੱਜ ਕਿਹਾ ਕਿ ਨਤੀਜਾਮੁਖੀ ਨਵੀਂ ਆਬਕਾਰੀ ਨੀਤੀ ਸੂਬੇ ’ਚ ਸ਼ਰਾਬ ਮਾਫ਼ੀਆ ਦੇ ਤਾਬੂਤ ’ਚ ਕਿੱਲ ਸਾਬਤ ਹੋਣ ਦੇ ਨਾਲ-ਨਾਲ ਗੁਆਂਢੀ ਸੂਬਿਆਂ ਤੋਂ ਹੁੰਦੀ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ’ਚ ਸਹਾਈ ਹੋਵੇਗੀ। ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਮਾਲੀਆ ਵਧਾਉਣ ਅਤੇ ਅਰਥਚਾਰੇ ਨੂੰ ਵੱਡੇ ਪੱਧਰ ਉੱਤੇ ਹੁਲਾਰਾ ਦੇਣ ਲਈ ਗਰੁੱਪਾਂ ਦੀ ਗਿਣਤੀ ਨੂੰੰ ਘਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਨੀਤੀ ਬਣਾਉਣ ਤੋਂ ਪਹਿਲਾਂ ਲਾਇਸੈਂਸ ਧਾਰਕਾਂ ਨਾਲ ਮੀਟਿੰਗਾਂ ਦੌਰਾਨ ਮੌਜੂਦਾ ਪ੍ਰਚੂਨ ਲਾਇਸੈਂਸ ਧਾਰਕਾਂ ਦੀ ਮੰਗ ਸੀ ਕਿ ਗਰੁੱਪ ਦਾ ਆਕਾਰ ਮੌਜੂਦਾ (07-08 ਕਰੋੜ) ਪੱਧਰ ਤੋਂ ਵੱਡਾ ਅਤੇ 30 ਕਰੋੜ ਦੇ ਪੱਧਰ ਤੱਕ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਗਰੁੱਪਾਂ ਦੀ ਆਪਸੀ ਰੰਜ਼ਿਸ਼ਬਾਜ਼ੀ ਘਟੇਗੀ, ਜਦਕਿ ਗਰੁੱਪ ਦਾ ਆਕਾਰ ਛੋਟਾ ਹੋਣ ਕਾਰਨ ਪਹਿਲਾਂ ਰੰਜ਼ਿਸ਼ਬਾਜ਼ੀ ਆਮ ਗੱਲ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਰਾਬ ਕਾਰੋਬਾਰ ’ਚੋਂ ਮਾੜੇ ਤੱਤਾਂ ਨੂੰ ਬਾਹਰ ਕੱਢਣ ਅਤੇ ਇਸ ਕਾਰੋਬਾਰ ’ਚ ਕੁਸ਼ਲਤਾ ਲਿਆਉਣ ਵਿਚ ਮਦਦ ਮਿਲੇਗੀ। ਆਬਕਾਰੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਮੁਤਾਬਕ ਸੂਬੇ ਭਰ ’ਚ ਠੇਕਿਆਂ ਦੀ ਗਿਣਤੀ ਪਹਿਲਾਂ ਜਿੰਨੀ ਹੀ ਰਹੇਗੀ ਅਤੇ ਜੇ ਗਰੁੱਪਾਂ ਦੀ ਗਿਣਤੀ ਘਟਾਈ ਗਈ ਤਾਂ ਪ੍ਰਚੂਨ ਖੇਤਰ ’ਚ ਰੋਜ਼ਗਾਰ ਦੇ ਮੌਕੇ ਪਹਿਲਾਂ ਜਿੰਨੇ ਹੀ ਰਹਿਣਗੇ।

ਇਹ ਵੀ ਪੜ੍ਹੋ : ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਗੈਂਗਸਟਰਾਂ ਦੇ 2 ਕਰੀਬੀਆਂ ਸਣੇ 6 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਇਸ ਨੀਤੀ ਨਾਲ ਸ਼ਰਾਬ ਨਾਲ ਸਬੰਧਤ ਉਤਪਾਦਨ ਖੇਤਰ ’ਚ ਪੰਜਾਬ ਦੇ ਲੋਕਾਂ ਲਈ ਨਵੇਂ ਰੋਜ਼ਗਾਰ ਮੌਕੇ ਸਿਰਜੇ ਜਾਣਗੇ। ਵਰੁਣ ਰੂਜ਼ਮ ਨੇ ਕਿਹਾ ਕਿ ਡਿਸਟਿਲਰੀਆਂ, ਬੌਟਲਿੰਗ ਪਲਾਂਟ ਸਥਾਪਿਤ ਕਰਨ ਲਈ ਲਾਇਸੈਂਸ ਨੂੰ ਮੁੜ ਖੋਲ੍ਹ ਦਿੱਤਾ ਹੈ ਅਤੇ ਇਹ ਨੀਤੀ ਪੰਜਾਬ ’ਚ ਮਾਲਟ ਉਤਪਾਦਨ ਇਕਾਈਆਂ ਕਾਇਮ ਕਰਨ ਦੀ ਵੀ ਇਜਾਜ਼ਤ ਦਿੰਦੀ ਹੈ, ਜਿਸ ’ਚ ਨਵੇਂ ਇਥਾਨੌਲ ਪਲਾਂਟ ਲਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਕੀਮਤਾਂ ’ਚ ਗਿਰਾਵਟ ਨਾਲ ਸ਼ਰਾਬ ਦੀ ਖਪਤ ਨਹੀਂ ਵਧੇਗੀ, ਸਗੋਂ ਇਸ ਨਾਲ ਗਾਹਕਾਂ ਨੂੰ ਘੱਟ ਕੀਮਤ ਤਾਰਨੀ ਪਵੇਗੀ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਤੋਂ ਸਮੱਗਲਿੰਗ ਕਾਰਨ ਪੰਜਾਬ ਨੂੰ ਨੁਕਸਾਨ ਹੋ ਰਿਹਾ ਸੀ ਅਤੇ ਸ਼ਰਾਬ ਦੀ ਕੀਮਤ ਘਟਣ ਨਾਲ ਸ਼ਰਾਬ ਦੀ ਅੰਤਰਰਾਜੀ ਸਮੱਗਲਿੰਗ ਘਟੇਗੀ। ਵਰੁਣ ਰੂਜ਼ਮ ਨੇ ਕਿਹਾ ਕਿ ਇਸ ਨੀਤੀ ਨਾਲ ਅਸਲ ’ਚ ਖਪਤਕਾਰ ਨੂੰ ਫਾਇਦਾ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਨਵੀਂ ਨੀਤੀ ’ਚ ਸਰਕਲ ਤੇ ਜ਼ਿਲ੍ਹਾ ਪੱਧਰ ਉੱਤੇ ਆਬਕਾਰੀ ਗਤੀਵਿਧੀਆਂ ਉੱਤੇ ਸਖ਼ਤੀ ਨਾਲ ਨਿਗ੍ਹਾ ਰੱਖਣ ਦੀ ਤਜਵੀਜ਼ ਹੈ, ਜਿਸ ’ਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਜ਼ਿਲ੍ਹਾ ਪੁਲਸ ਨਾਲ ਤਾਲਮੇਲ ਉੱਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਨੇ ਪਹਿਲਾਂ ਹੀ ਸੂਬਾ ਪੱਧਰ ਉੱਤੇ ਪੰਜਾਬ ਪੁਲਸ ਨਾਲ ਰਾਬਤਾ ਕੀਤਾ ਹੋਇਆ ਹੈ, ਜਿਸ ਤਹਿਤ ਸਾਰੇ ਜ਼ਿਲ੍ਹਾ ਪੁਲਸ ਹੈੱਡਕੁਆਰਟਰਾਂ ਉੱਤੇ ਨਾਰਕੋਟਿਕਸ ਤੇ ਐਕਸਾਈਜ਼ ਸੈੱਲ ਬਣਾਏ ਗਏ ਹਨ।

ਵਰੁਣ ਰੂਜਮ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ’ਚ ਉਤਪਾਦਨ ਤੋਂ ਲੈ ਕੇ ਸ਼ਰਾਬ ਦੀ ਮੁਕੰਮਲ ਸਪਲਾਈ ਲੜੀ ਉੱਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜ਼ਰ ਰੱਖਣ ਲਈ ਕਈ ਕਦਮ ਚੁੱਕੇ ਗਏ ਹਨ, ਜਿਨ੍ਹਾਂ ’ਚ ਸੂਬੇ ਵਿਚ ਸਾਰੇ ਸ਼ਰਾਬ ਸਪਲਾਇਰਾਂ ਉੱਤੇ ਬਾਰ ਕੋਡਿੰਗ ਦੀ ਵਰਤੋਂ ਦੇ ਨਾਲ ਟਰੈਕ ਤੇ ਟਰੇਸ ਸਾਫਟਵੇਅਰ ਲਿਆਂਦਾ ਹੈ। ਇਸ ਦੇ ਨਾਲ-ਨਾਲ ਸਾਰੇ ਠੇਕਿਆਂ ਉਤੇ ਪੀ.ਓ.ਐਸ. ਮਸ਼ੀਨਾਂ, ਸਾਰੀਆਂ ਉਤਪਾਦਨ ਇਕਾਈਆਂ ਉਤੇ ਸਪੀਰਿਟ ਦੇ ਉਤਪਾਦਨ, ਵਰਤੋਂ ਤੇ ਵੰਡ ਨੂੰ ਮਾਪਣ ਲਈ ਇਲੈਕਟ੍ਰੋਮੈਗਨੈਟਿਕ ਮਾਸ ਫਲੋਅ ਮੀਟਰ, ਸੀ.ਸੀ.ਟੀ.ਵੀ. ਕੈਮਰੇ (24 ਘੰਟੇ) ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੀਆਂ ਉਤਪਾਦਨ ਤੇ ਥੋਕ ਇਕਾਈਆਂ ਦੇ ਗੇਟਾਂ ਉਤੇ ਬਾਇਓਮੀਟਰਿਕ ਨਾਲ ਚੱਲਣ ਵਾਲੇ ਬੂਮ ਬੈਰੀਅਰ ਲਾਜ਼ਮੀ ਕੀਤੇ ਗਏ ਹਨ।
    


author

Manoj

Content Editor

Related News