ਕਪੂਰਥਲਾ ਜ਼ਿਲ੍ਹੇ 'ਚ ਵਧ ਰਿਹੈ ਕੋਰੋਨਾ ਦਾ ਕਹਿਰ , 2 ਦੀ ਮੌਤ ਤੇ 24 ਪਾਜ਼ੇਟਿਵ
Thursday, Aug 20, 2020 - 03:10 AM (IST)
ਕਪੂਰਥਲਾ,(ਮਹਾਜਨ)- ਕੋਰੋਨਾ ਨਾਲ ਜੰਗ ਲਡ਼ਨ ’ਚ ਸਭ ਤੋਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਵੀ ਇਸ ਦੀ ਲਪੇਟ ’ਚ ਆਉਂਦੇ ਜਾ ਰਹੇ ਹਨ, ਜਿਸ ਨਾਲ ਲੋਕਾਂ ’ਚ ਇਸ ਬੀਮਾਰੀ ਪ੍ਰਤੀ ਖੌਫ ਕਾਫੀ ਵੱਧ ਗਿਆ ਹੈ। ਬੁੱਧਵਾਰ ਨੂੰ ਜ਼ਿਲੇ ਦੇ ਨਾਲ ਸਬੰਧਤ 24 ਨਵੇਂ ਕੋਰੋਨਾ ਦੇ ਮਰੀਜ਼ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ’ਚੋਂ 4 ਪਾਜ਼ੇਟਿਵ ਕੇਸ ਅਜਿਹੇ ਹਨ, ਜੋ ਕੋਰੋਨਾ ਕਾਲ ’ਚ ਸਖਤ ਮਿਹਨਤ ਨਾਲ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ’ਚ ਜ਼ਿਲਾ ਹੈਲਥ ਅਧਿਕਾਰੀ, ਡਿਪਟੀ ਮੈਡੀਕਲ ਕਮਿਸ਼ਨਰ, ਸਿਵਲ ਸਰਜਨ ਦਫਤਰ ਦੇ ਸੁਪਰਡੈਂਟ ਸਮੇਤ ਇਕ ਥਾਣਾ ਸਿਟੀ ਕਪੂਰਥਲਾ ਦੇ ਸਬ-ਇੰਸਪੈਕਟਰ ਸ਼ਾਮਲ ਹਨ। ਜਦਕਿ ਹੋਰ ਮਰੀਜ਼ ਕਪੂਰਥਲਾ ਸਮੇਤ ਆਸ-ਪਾਸ ਦੇ ਪਿੰਡਾਂ ਅਤੇ ਖੇਤਰਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਬੁੱਧਵਾਰ ਨੂੰ ਕੋਰੋਨਾ ਪੀਡ਼ਤ 2 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦਾ ਅੰਕਡ਼ਾ ਵੱਧ ਗਿਆ ਹੈ। ਦੋਵੇਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਖਤ ਸੁਰੱਖਿਆ ਪ੍ਰਬੰਧਾਂ ਸਮੇਤ ਆਪਣੀ ਨਿਗਰਾਨੀ ’ਚ ਕਰਵਾਇਆ। ਗੌਰ ਹੋਵੇ ਕਿ ਕੋਰੋਨਾ ਕਾਰਣ ਮਰਨ ਵਾਲਿਆਂ ’ਚ ਜ਼ਿਆਦਾਤਰ ਬਜ਼ੁਰਗ ਸ਼ਾਮਲ ਹਨ, ਜਿਸ ਕਾਰਣ ਪਾਜ਼ੇਟਿਵ ਚੱਲ ਰਹੇ ਮਰੀਜ਼ਾਂ ’ਚ ਸ਼ਾਮਲ ਬਜ਼ੁਰਗਾਂ ਦੇ ਪਰਿਵਾਰਕ ਮੈਂਬਰਾਂ ’ਚ ਚਿੰਤਾ ਕਾਫੀ ਪਾਈ ਜਾ ਰਹੀ ਹੈ। ਉੱਧਰ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਬੁੱਧਵਾਰ ਨੂੰ ਜ਼ਿਲਾ ਕਪੂਰਥਲਾ ’ਚ 24 ਕੋਰੋਨਾ ਕੇਸ ਆਏ ਹਨ, ਜਿਨ੍ਹਾਂ ’ਚ 66 ਸਾਲਾ ਪੁਰਸ਼ ਨੇਡ਼ੇ ਪੀ. ਐੱਨ. ਬੀ. ਕਪੂਰਥਲਾ, 55 ਸਾਲਾ ਔਰਤ ਨੇਡ਼ੇ ਪੀ. ਐੱਨ. ਬੀ. ਕਪੂਰਥਲਾ, 16 ਸਾਲਾ ਲਡ਼ਕੀ ਸ਼ਾਸਤਰੀ ਮਾਰਕੀਟ ਕਪੂਰਥਲਾ, 55 ਸਾਲਾ ਪੁਰਸ਼ ਅਰਬਨ ਅਸਟੇਟ ਕਪੂਰਥਲਾ, 50 ਸਾਲਾ ਪੁਰਸ਼ ਥਾਣਾ ਸਿਟੀ ਕਪੂਰਥਲਾ, 59 ਸਾਲਾ ਪੁਰਸ਼ ਆਦਰਸ਼ ਨਗਰ ਕਪੂਰਥਲਾ, 50 ਸਾਲਾ ਔਰਤ ਸ਼ਿਵ ਕਾਲੋਨੀ ਕਪੂਰਥਲਾ, 57 ਸਾਲਾ ਪੁਰਸ਼ ਗਲੋਬਲ ਪਾਰਕ ਕਪੂਰਥਲਾ, 29 ਸਾਲਾ ਪੁਰਸ਼, 54 ਸਾਲਾ ਔਰਤ, 51 ਸਾਲਾ ਪੁਰਸ਼, 45 ਸਾਲਾ ਔਰਤ, 56 ਸਾਲਾ ਔਰਤ ਵਾਸੀ ਮੁਹੱਲਾ ਡਾ. ਸਾਦਿਕ ਅਲੀ ਕਪੂਰਥਲਾ, 82 ਸਾਲਾ ਔਰਤ ਜਲੌਖਾਨਾ ਕਪੂਰਥਲਾ, 57 ਸਾਲਾ ਪੁਰਸ਼, 62 ਸਾਲਾ ਪੁਰਸ਼, 54 ਸਾਲਾ ਔਰਤ, 58 ਸਾਲਾ ਪੁਰਸ਼ ਵਾਸੀ ਗੋਪਾਲ ਪਾਰਕ ਕਪੂਰਥਲਾ, 52 ਸਾਲਾ ਪੁਰਸ਼ ਰੇਲ ਕੋਚ ਫੈਕਟਰੀ ਕਪੂਰਥਲਾ, 27 ਸਾਲਾ ਪੁਰਸ਼ ਪੋਸਟ ਆਫਿਸ ਕਪੂਰਥਲਾ ਸ਼ਾਮਲ ਹਨ ਅਤੇ 4 ਕੇਸ ਫਗਵਾਡ਼ਾ ਸਬ-ਡਵੀਜ਼ਨ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਜ਼ਿਲਾ ਕਪੂਰਥਲਾ ਨਾਲ ਸਬੰਧਤ 2 ਕੋਰੋਨਾ ਪੀਡ਼ਤ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ’ਚ 54 ਸਾਲਾ ਪੁਰਸ਼ ਸ਼ਿਵ ਕਾਲੋਨੀ ਪਾਰਕ ਕਪੂਰਥਲਾ ਅਤੇ 47 ਸਾਲਾ ਪੁਰਸ਼ ਪਿੰਡ ਲਾਟੀਆਂਵਾਲ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਸ਼ਾਮਲ ਹਨ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਅਤੇ ਜ਼ਿਲਾ ਐਪੀਡਿਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲੇ ’ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 776 ਲੋਕਾਂ ਦੇ ਸੈਂਪਲ ਲਏ ਹਨ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 159, ਕਾਲਾ ਸੰਘਿਆਂ ਤੋਂ 41, ਫੱਤੂਢੀਂਗਾ ਤੋਂ 24, ਆਰ. ਸੀ. ਐੱਫ. ਤੋਂ 10, ਸੁਲਤਾਨਪੁਰ ਲੋਧੀ ਤੋਂ 45, ਫਗਵਾਡ਼ਾ ਤੋਂ 104, ਪਾਂਛਟਾ ਤੋਂ 222, ਬੇਗੋਵਾਲ ਤੋਂ 54, ਟਿੱਬਾ ਤੋਂ 89 ਅਤੇ ਭੁਲੱਥ ਤੋਂ 28 ਲੋਕਾਂ ਦੇ ਸੈਂਪਲ ਲਏ ਗਏ।