ਮਲੋਟ ’ਚ ਸੁਖਬੀਰ ਦਾ ਵਿਰੋਧ, ਕਿਸਾਨਾਂ ਨੇ ਬੈਨਰ ਪਾੜੇ, ਕਾਲੀਆਂ ਝੰਡੀਆਂ ਦਿਖਾਈਆਂ

08/24/2021 12:20:20 PM

ਮਲੋਟ (ਜੁਨੇਜਾ, ਸ਼ਾਂਤ, ਜੱਜ) : ਬੀਤੇ ਦਿਨੀਂ ਮਲੋਟ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨ ਜਥੇਬੰਦੀਆਂ ਦੇ ਰੋਹ ਦਾ ਸਾਹਮਣਾ ਪਿਆ। ਇਸ ਮੌਕੇ ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਮਲੋਟ ਦੀ ਅਨਾਜ ਮੰਡੀ ’ਚ ਪ੍ਰੋਗਰਾਮ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਪਿੱਛੋਂ ਕਿਸਾਨਾਂ ਨੇ ਅਗਲੇ ਪ੍ਰੋਗਰਾਮ ਵਾਲੇ ਪੈਲੇਸ ਦਾ ਘਿਰਾਓ ਕੀਤਾ, ਜਿਥੇ ਅਕਾਲੀ ਵਰਕਰਾਂ ਤੇ ਕਿਸਾਨਾਂ ਵੱਲੋਂ ਆਹਮੋ-ਸਾਹਮਣੇ ਹੋਣ ਕਰ ਕੇ ਹਾਲਾਤ ਤਣਾਅਪੂਰਨ ਹੋ ਗਏ। ਬਾਅਦ ’ਚ ਸੁਖਬੀਰ ਸਿੰਘ ਬਾਦਲ ਰਸਤਾ ਬਦਲ ਕੇ ਪੈਲੇਸ ’ਚੋਂ ਬਾਹਰ ਨਿਕਲੇ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਮਲੋਟ ਸ਼ਹਿਰ ’ਚ ਰੱਖੇ 11 ਪ੍ਰੋਗਰਾਮਾਂ ਦੀ ਸ਼ੁਰੂਆਤ ਅਨਾਜ ਮੰਡੀ ਵਿਖੇ ਇਕ ਰੈਲੀ ਕਰਕੇ ਕੀਤੀ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ 300 ਤੋਂ ਵੱਧ ਕਿਸਾਨਾਂ ਨੇ ਇਕੱਠੇ ਹੋ ਕੇ ਕਿਹਾ ਕਿ ਸਾਂਝੇ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਸੁਖਬੀਰ ਸਿੰਘ ਬਾਦਲ ਤੋਂ ਸਵਾਲ ਪੁੱਛੇ ਜਾਣਗੇ। ਐੱਸ. ਪੀ. ਰਾਜਪਾਲ ਸਿੰਘ ਹੁੰਦਲ ਤੇ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ 10-12 ਆਗੂਆਂ ਦੀ ਸੂਚੀ ਦਿੱਤੀ ਜਾਵੇ, ਜਿਨ੍ਹਾਂ ਦੀ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲਬਾਤ ਕਰਵਾਈ ਜਾਵੇਗੀ, ਜਿਸ ਦੀ ਕਿਸਾਨਾਂ ਨੇ ਸਹਿਮਤੀ ਦਿੱਤੀ ਪਰ ਪੁਲਸ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਸਮਾਂ ਪੂਰਾ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਬਿਨਾਂ ਕਿਸਾਨਾਂ ਨਾਲ ਗੱਲਬਾਤ ਕੀਤੇ ਰੈਲੀ ਵਾਲੀ ਥਾਂ ਤੋਂ ਚਲੇ ਗਏ।

PunjabKesari

ਰੋਸ ਵਿਚ ਆਏ ਕਿਸਾਨਾਂ ਨੇ ਦਾਣਾ ਮੰਡੀ ਦੇ ਮੁੱਖ ਗੇਟ ਤੱਕ ਪੁਲਸ ਤੇ ਅਕਾਲੀ ਦਲ ਦੀਆਂ ਗੱਡੀਆਂ ਦਾ ਪਿੱਛਾ ਕੀਤਾ। ਇਸ ਮੌਕੇ ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਬੈਨਰ ਪਾੜ ਦਿੱਤੇ। ਇਸ ਪਿੱਛੋਂ ਕਿਸਾਨਾਂ ਨੇ ਫਾਜ਼ਿਲਕਾ ਰੋਡ ’ਤੇ ਇਕ ਪੈਲੇਸ ’ਚ ਰੱਖੇ ਪ੍ਰੋਗਰਾਮ ਦੇ ਬਾਹਰ ਪੁੱਜ ਕੇ ਦਿੱਲੀ-ਫਾਜ਼ਿਲਕਾ ਹਾਈਵੇਅ ’ਤੇ ਜਾਮ ਲਾ ਦਿੱਤਾ ਅਤੇ ਗੇਟ ਦੇ ਬਾਹਰ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਕਾਲੀ ਵਰਕਰਾਂ ਅਤੇ ਕਿਸਾਨਾਂ ਦੇ ਆਹਮੋ-ਸਾਹਮਣੇ ਹੋਣ ਕਰਕੇ ਹਾਲਾਤ ਤਣਾਅਪੂਰਨ ਵੀ ਹੋ ਗਏ। ਭਾਵੇਂ ਅਗਲਾ ਪ੍ਰੋਗਰਾਮ ਸਵਾ 12 ਵਜੇ ਦਾ ਰੱਖਿਆ ਸੀ ਪਰ ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਸੁਖਬੀਰ ਬਾਦਲ ਨੂੰ ਸਾਢੇ 12 ਵਜੇ ਤੱਕ ਪੈਲੇਸ ’ਚ ਰੁਕਣਾ ਪਿਆ ਅਤੇ ਪੁਲਸ ਪ੍ਰਸਾਸ਼ਨ ਵੱਲੋਂ ਬਣਾਈ ਰਣਨੀਤੀ ਤਹਿਤ ਉਨ੍ਹਾਂ ਦੀਆਂ ਗੱਡੀਆਂ ਰਸਤਾ ਬਦਲ ਕੇ ਫਾਜ਼ਿਲਕਾ ਨੂੰ ਰਵਾਨਾ ਹੋ ਗਈਆਂ। ਇਸ ਮੌਕੇ ਬੀ. ਕੇ. ਯੂ. ਰਾਜੇਵਾਲਾ ਦੇ ਲੱਖਾ ਸ਼ਰਮਾ, ਚੌਧਰੀ ਪਾਲ ਸਿੰਘ, ਕਿਸਾਨ ਯੂਨੀਅਨ ਮਾਨਸਾ ਦੇ ਇੰਦਰਜੀਤ ਅਸਪਾਲ, ਸਿੱਧੂਪੁਰ ਦੇ ਸੁਖਦੇਵ ਸਿੰਘ, ਨਿਰਮਲ ਸਿੰਘ, ਗੁਰਮੁੱਖ ਸਿੰਘ ਫਤਿਹਪੁਰ ਮੰਨੀਆਂ, ਸੁਦਰਸ਼ਨ ਜੱਗਾ ਤੇ ਹਰਭਗਵਾਨ ਲੰਬੀ ਸਮੇਤ ਆਗੂ ਹਾਜ਼ਰ ਸਨ।

ਮਹਿਲਾ ਆਗੂ ਨੇ ਸੁਖਬੀਰ ਬਾਦਲ ਨੂੰ ਮਿਲਣ ਪਿੱਛੋਂ ਅਕਾਲੀ ਆਗੂਆਂ ਵਿਰੁੱਧ ਲਾਏ ਗੰਭੀਰ ਦੋਸ਼
ਓਧਰ ਮਹਿਲਾ ਆਗੂ ਮਨਜੀਤ ਕੌਰ ਨੇ ਪੰਡਾਲ ਵਿਚ ਜਾ ਕੇ ਸੁਖਬੀਰ ਬਾਦਲ ਨੂੰ ਮਿਲ ਕੇ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੀਆਂ ਧੱਕੇਸ਼ਾਹੀ ਦੀ ਗੱਲ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਉਸਦੇ ਸਵਾਲਾਂ ਦੇ ਜਵਾਬ ਦੇਵੇ। ਸੁਰੱਖਿਆਂ ਕਰਮੀਆਂ ਵੱਲੋਂ ਮਹਿਲਾ ਮਨਜੀਤ ਕੌਰ ਤੇ ਸੁਖਬੀਰ ਬਾਦਲ ਵਿਚਕਾਰ ਮਨੁੱਖੀ ਕੰਧ ਕਰ ਕੇ ਮਹਿਲਾ ਨੂੰ ਪਿੱਛੇ ਧੱਕ ਦਿੱਤਾ। ਇਸ ਤੋਂ ਬਾਅਦ ਮਨਜੀਤ ਕੌਰ ਨੇ ਪੱਤਰਕਾਰਾਂ ਕੋਲ ਦੋਸ਼ ਲਾਏ ਕਿ ਅਕਾਲੀ ਰਾਜ ਵਿਚ ਇਕ ਪੁਲਸ ਇੰਸਪੈਕਟਰ ਅਤੇ 2 ਅਕਾਲੀ ਆਗੂਆਂ ਨੇ ਉਸਦੀ ਧੀ ਦੀ 15 ਏਕੜ ਜ਼ਮੀਨ ਨੱਪ ਲਈ। ਉਸ ਵਿਰੁੱਧ 8 ਝੂਠੇ ਕੇਸ ਦਰਜ ਕੀਤੇ ਗਏ ਅਤੇ ਅਕਾਲੀ ਰਾਜ ਵੇਲੇ ਨਸ਼ਾ ਖੁੱਲ੍ਹੇਆਮ ਵਿਕਦਾ ਸੀ, ਜਿਹੜਾ ਉਸਦੇ ਪੁੱਤਰ ਦੀ ਮੌਤ ਦਾ ਕਾਰਨ ਬਣਿਆ।


Anuradha

Content Editor

Related News